ਨਾਭਾ, 9 ਜੂਨ (ਵਰਿੰਦਰ ਵਰਮਾ)-ਵਣ ਵਿਭਾਗ ਨਾਭਾ ਵਲੋਂ ਤਹਿਸੀਲ ਕੰਪਲੈਕਸ ਦੇ ਨਜ਼ਦੀਕ ਹਵਾਦਾਰ ਅਤੇ ਫਲਦਾਰ ਬੂਟੇ ਲਗਾਏ ਗਏ | ਇਸ ਮੌਕੇ ਐੱਸ.ਡੀ.ਐਮ. ਨਾਭਾ ਅਰਵਿੰਦਰ ਪਾਲ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਕਿ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾ ਸਕੇ | ਐੱਸ.ਡੀ.ਐਮ. ਸੋਮਲ ਨਾਭਾ ਵਲੋਂ ਪੌਦੇ ਲਗਾ ਕੇ ਵਾਤਾਵਰਣ ਦੀ ਸੰਭਾਲ ਦਾ ਸੱਦਾ ਦਿੰਦਿਆਂ ਕਿਹਾ ਕਿ ਪੌਦੇ ਲਗਾਉਣ ਦੌਰਾਨ ਉਨ੍ਹਾਂ ਪੌਦੇ ਲਾਉਣ ਦੇ ਨਾਲ-ਨਾਲ ਪੌਦੇ ਬਚਾਉਣ ਦਾ ਵੀ ਸੱਦਾ ਦਿੱਤਾ ਅਤੇ ਕਿਹਾ ਕਿ ਜਲਵਾਯੂ ਪਰਿਵਰਤਨ ਇਕ ਗੰਭੀਰ ਸਮੱਸਿਆ ਹੈ ਜਿਸ ਨੂੰ ਪੌਦਿਆਂ ਦੀ ਸੰਭਾਲ, ਪਲਾਸਟਿਕ ਮੁਕਤ ਆਲਾ-ਦੁਆਲਾ ਅਤੇ ਸਾਫ਼ ਤੇ ਸਾਦਾ ਜੀਵਨ ਜਾਂਚ ਅਪਣਾ ਕੇ ਹੀ ਹੱਲ ਕੀਤਾ ਜਾ ਸਕਦਾ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਹਰੇਕ ਨਾਗਰਿਕ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਅੱਗੇ ਆਵੇ ਤਾਂ ਹੀ ਜਲਵਾਯੂ ਪਰਿਵਰਤਨ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣੀ ਪਵੇਗੀ | ਉਨ੍ਹਾਂ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਜੇਕਰ ਅਸੀਂ ਆਪਣੇ ਰੋਜ਼ਾਨਾ ਦੇ ਜੀਵਨ 'ਚ ਪਾਣੀ ਦੀ ਵਰਤੋਂ ਥੋੜੀ ਜਿਹੀ ਸਾਵਧਾਨੀ ਨਾਲ ਕਰੀਏ ਤਾਂ ਹੀ ਧਰਤੀ ਹੇਠਲਾ ਅਨਮੋਲ ਪਾਣੀ ਬਚਾਇਆ ਜਾ ਸਕਦਾ ਹੈ ਕਿਉਂਕਿ ਪਾਣੀ ਦੀ ਸੰਭਾਲ ਸਾਂਝੇ ਉਪਰਾਲੇ ਨਾਲ ਹੀ ਸੰਭਵ ਹੈ | ਉਨ੍ਹਾਂ ਪੌਦਿਆਂ ਨੂੰ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਬਾਰੇ ਵੀ ਦੱਸਿਆ | ਇਸ ਮੌਕੇ ਰੇਂਜ ਅਫ਼ਸਰ ਵਣ ਵਿਭਾਗ ਨਾਭਾ ਸਤਵਿੰਦਰ ਸਿੰਘ, ਨਗਰ ਕੌਂਸਲ ਨਾਭਾ ਇੰਸਪੈਕਟਰ ਪੰਕਜ ਕੁਮਾਰ, ਬਲਾਕ ਇੰਚਾਰਜ ਅਵਤਾਰ ਸਿੰਘ, ਲਖਬੀਰ ਸਿੰਘ, ਮੈਡਮ ਲੀਨੁ ਮੱਗੋ, ਬੰਟੀ ਸਿੰਘ, ਜਗਤਾਰ ਸਿੰਘ, ਸਤਬੀਰ ਸਿੰਘ ਆਦਿ ਹਾਜ਼ਰ ਸਨ |