ਦੇਵੀਗੜ੍ਹ, 10 ਜੂਨ (ਰਾਜਿੰਦਰ ਸਿੰਘ ਮੌਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੁੜਾ ਨੇੜੇ ਦੇਵੀਗੜ੍ਹ ਦੇ ਵਿਦਿਆਰਥੀਆਂ ਨੇ ਹਾਲ ਹੀ 'ਚ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਖੇ ਕਰਵਾਏ ਇਕ ਰੋਮਾਂਚਕ ਅਤੇ ਸਿੱਖਿਆਦਾਇਕ 'ਹਾਈਕਿੰਗ-ਟ੍ਰੈਕਿੰਗ ਕੈਂਪ' 'ਚ ਭਾਗ ਲਿਆ | 5 ਤੋਂ 8 ਜੂਨ ਤੱਕ ਚੱਲੇ ਇਸ ਕੈਂਪ ਦੌਰਾਨ ਵਿਦਿਆਰਥੀਆਂ ਨੇ ਨਾ ਸਿਰਫ਼ ਕੁਦਰਤ ਦਾ ਅਨੰਦ ਮਾਣਿਆ, ਸਗੋਂ ਜੀਵਨ ਦੇ ਅਹਿਮ ਸਬਕ ਵੀ ਸਿੱਖੇ | ਇਸ ਕੈਂਪ 'ਚ ਸਕਾਊਟ ਐਂਡ ਗਾਈਡ ਦੇ ਵਿਦਿਆਰਥੀਆਂ ਨੇ ਰਾਜ ਸੰਗਠਕ ਕਮਿਸ਼ਨਰ ਪੰਜਾਬ, ਓਾਕਾਰ ਸਿੰਘ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ | ਸਕੂਲ ਦੇ ਸਕਾਊਟ ਮਾਸਟਰ ਹਰਦੀਪ ਕੁਮਾਰ ਦੀ ਦੇਖ-ਰੇਖ 'ਚ ਵਿਦਿਆਰਥੀਆਂ ਨੇ ਕਈ ਚੁਣੌਤੀਪੂਰਨ ਗਤੀਵਿਧੀਆਂ 'ਚ ਹਿੱਸਾ ਲਿਆ | ਕੈਂਪ ਦੌਰਾਨ ਵਿਦਿਆਰਥੀਆਂ ਨੂੰ ਪਹਾੜਾਂ 'ਤੇ ਚੜ੍ਹਨ, ਟੀਮ ਵਰਕ, ਅਨੁਸ਼ਾਸਨ, ਅਤੇ ਕੁਦਰਤ ਨਾਲ ਜੁੜਨ ਦਾ ਅਨੁਭਵ ਕਰਵਾਇਆ ਗਿਆ | ਇਸ ਤੋਂ ਇਲਾਵਾ, ਸਮਾਜ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਅਤੇ ਇਕ ਜ਼ਿੰਮੇਵਾਰ ਨਾਗਰਿਕ ਬਣਨ ਦੇ ਗੁਣ ਵੀ ਸਿਖਾਏ ਗਏ | ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਵਿਦਿਆਰਥੀਆਂ ਦੇ ਇਸ ਤਜਰਬੇ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਹਾਈਕਿੰਗ ਅਤੇ ਟਰੈਕਿੰਗ ਸਿਰਫ਼ ਸਰੀਰਕ ਕਸਰਤ ਨਹੀਂ ਹੈ, ਸਗੋਂ ਇਹ ਬੱਚਿਆਂ 'ਚ ਆਤਮ-ਵਿਸ਼ਵਾਸ, ਸਾਹਸ ਅਤੇ ਮੁਸ਼ਕਲਾਂ ਨਾਲ ਲੜਨ ਦੀ ਸ਼ਕਤੀ ਪੈਦਾ ਕਰਦੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਵਿਦਿਆਰਥੀਆਂ ਨੇ ਬਹੁਤ ਹੀ ਅਨੁਸ਼ਾਸਿਤ ਢੰਗ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਹੈ | ਉਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ | ਕੈਂਪ ਦੇ ਆਖ਼ਰੀ ਦਿਨ, ਰਾਜ ਸੰਗਠਕ ਓਾਕਾਰ ਸਿੰਘ ਨੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਪੂਨਮ ਧੀਮਾਨ, ਡਾਇਰੈਕਟਰ ਤੇਜਿੰਦਰ ਕੌਰ, ਮੈਡਮ ਜੋਤ ਕੌਰ ਡੀ.ਏ.ਜੀ., ਨਿਰਮਲ ਕੌਰ ਡੀ.ਜੀ.ਜੀ., ਮੈਡਮ ਮਨਪ੍ਰੀਤ ਕੌਰ ਅਤੇ ਹੋਰ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਦੇ ਹੌਸਲੇ ਵਧਾਏ | ਵਿਦਿਆਰਥੀਆਂ ਨੇ ਵੀ ਇਸ ਕੈਂਪ ਨੂੰ ਆਪਣੀ ਜ਼ਿੰਦਗੀ ਦਾ ਇਕ ਯਾਦਗਾਰੀ ਤਜਰਬਾ ਦੱਸਿਆ | ਇਸ ਕੈਂਪ ਨੇ ਵਿਦਿਆਰਥੀਆਂ ਨੂੰ ਇਕ ਨਵੀਂ ਊਰਜਾ ਅਤੇ ਦਿ੍ਸ਼ਟੀਕੋਣ ਦਿੱਤਾ ਹੈ, ਜਿਸ ਨਾਲ ਉਹ ਆਪਣੇ ਆਉਣ ਵਾਲੇ ਜੀਵਨ 'ਚ ਵਧੇਰੇ ਬਿਹਤਰ ਤਰੀਕੇ ਨਾਲ ਅੱਗੇ ਵਧ ਸਕਣਗੇ |