11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸਨੌਰ ਨਸ਼ਾ ਤਸਕਰੀ ਮਾਮਲਾ : ਪੱਤਰਕਾਰ ਨੂੰ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਐੱਸ. ਐੱਸ. ਪੀ. ਪਟਿਆਲਾ ਵਲੋਂ ਸਖ਼ਤ ਕਾਰਵਾਈ ਦਾ ਭਰੋਸਾ

ਅਜੀਤ ਡੈਸਕ 23-06-2026
ਦੇਵੀਗੜ, 22 ਜੂਨ (ਰਾਜਿੰਦਰ ਸਿੰਘ ਮੌਜੀ)- ਲੰਘੀ 14 ਜੂਨ ਦੇ ‘ਅਜੀਤ’ ਅਖ਼ਬਾਰ ਵਿਚ “ਥਾਣਾ ਸਨੌਰ ਦੇ ‘ਨੱਕ ਹੇਠ’ ਨਸ਼ੇ ਦਾ ਖੁੱਲ੍ਹੀ ਖੇਡ” ਸਿਰਲੇਖ ਹੇਠ ਛਪੀ ਖ਼ਬਰ ਤੋਂ ਬਾਅਦ ਬੁਖ਼ਲਾਹਟ ਵਿਚ ਆਏ ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਵਲੋਂ ‘ਅਜੀਤ’ ਦੇ ਸਨੌਰ ਤੋਂ ਪੱਤਰਕਾਰ ਨੂੰ ਸ਼ਰੇਆਮ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪੱਤਰਕਾਰ ਵਲੋਂ ਇਲਾਕੇ ਦੇ ਹੋਰਨਾਂ ਪੱਤਰਕਾਰ ਭਾਈਚਾਰੇ ਅਤੇ ਨਾਮਵਰ ਸਖਸੀਅਤਾਂ ਨੂੰ ਨਾਲ ਲੈ ਕੇ ਮਾਨਯੋਗ ਐੱਸ.ਐੱਸ.ਪੀ. ਪਟਿਆਲਾ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਇਕ ਲਿਖਤੀ ਸ਼ਿਕਾਇਤ ਪੱਤਰ ਸੌਂਪਿਆ ਗਿਆ। ਐੱਸ.ਐੱਸ.ਪੀ. ਪਟਿਆਲਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੱਤਰਕਾਰ ਨੇ ਦੱਸਿਆ ਕਿ ਜਦੋਂ ਤੋਂ ਸਨੌਰ ਦੀ ਸਿਨੇਮਾ ਕਾਲੋਨੀ ਸਥਿਤ ਧਰਮਸ਼ਾਲਾ ਵਿਚ ਚੱਲ ਰਹੇ ਸਮੈਕ ਅਤੇ ਹੋਰਨਾਂ ਨਸ਼ਿਆਂ ਦੇ ਕਾਰੋਬਾਰ ਦਾ ਪਰਦਾਫ਼ਾਸ਼ ਕਰਦੀ ਖ਼ਬਰ ਪ੍ਰਕਾਸ਼ਿਤ ਹੋਈ ਹੈ, ਉਦੋਂ ਤੋਂ ਹੀ ਕੁਝ ਨਸ਼ਾ ਤਸਕਰ ਅਤੇ ਗ਼ੈਰ-ਸਮਾਜਿਕ ਅਨਸਰ ਉਨ੍ਹਾਂ ਦੇ ਮਗਰ ਪਏ ਹੋਏ ਹਨ। ਦੋਸ਼ੀਆਂ ਵਲੋਂ ਪੱਤਰਕਾਰ ਨੂੰ ਨਾ ਸਿਰਫ਼ ਰਸਤੇ ਵਿਚ ਰੋਕ ਕੇ ਡਰਾਇਆ ਧਮਕਾਇਆ ਗਿਆ, ਬਲਕਿ ਉਨ੍ਹਾਂ ਦੇ ਘਰ ਅੱਗੇ ਆ ਕੇ ਵੀ ਹੰਗਾਮਾ ਕੀਤਾ ਗਿਆ ਅਤੇ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਪੱਤਰਕਾਰ ਵਲੋਂ ਘਰ ਅੱਗੇ ਆ ਕੇ ਧਮਕੀਆਂ ਦੇਣ ਵਾਲੇ ਅਨਸਰਾਂ ਦੀ ਸਾਰੀ ਕਰਤੂਤ ਦੀ ਵੀਡਿਓ ਵੀ ਐੱਸ.ਐੱਸ.ਪੀ. ਪਟਿਆਲਾ ਨੂੰ ਦਿਖਾਈ ਗਈ। ਮਾਮਲੇ ਦੀ ਗੰਭੀਰਤਾ ਅਤੇ ਵੀਡਿਓ ਸਬੂਤਾਂ ਨੂੰ ਦੇਖਦਿਆਂ ਐੱਸ.ਐੱਸ.ਪੀ. ਪਟਿਆਲਾ ਨੇ ਤੁਰੰਤ ਐਕਸ਼ਨ ਲੈਂਦਿਆਂ ਸਨੌਰ ਥਾਣੇ ਦੇ ਐਸ.ਐਚ.ਓ. ਨੂੰ ਬਣਦੀ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਪੱਤਰਕਾਰ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਕਿ ਲੋਕਤੰਤਰ ਦੇ ਚੌਥੇ ਸਤੰਭ ’ਤੇ ਅਜਿਹਾ ਹਮਲਾ ਅਤੇ ਧਮਕੀਆਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਪੱਤਰਕਾਰ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਨੌਰ ਇਲਾਕੇ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਮੁਹਿੰਮ ਵਿੱਢਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਪੱਤਰਕਾਰ ਮੋਹਨ ਸਿੰਘ ਭੱਟੀ ਦੇ ਨਾਲ ਭਾਈਚਾਰੇ ਵਿਚੋਂ ਧਨਵੰਤ ਸਿੰਘ, ਰਾਜਿੰਦਰ ਸਿੰਘ ਮੌਜੀ, ਗੀਤਵਿੰਦਰ ਸਿੰਘ ਸੋਖਲ, ਸਰਬਜੀਤ ਸਿੰਘ ਭੰਗੂ, ਸੁਰਿੰਦਰ ਸਿੰਘ ਚੌਹਾਨ, ਮੁਖਤਿਆਰ ਸਿੰਘ ਨੌਗਾਵਾਂ, ਅਸ਼ਮੀਤ ਸਿੰਘ ਵਿਰਕ, ਸੁਰਜੀਤ ਸਿੰਘ ਗੋਗੀ, ਸੁਖਦੇਵ ਸਿੰਘ ਵਿਰਕ, ਰਵਿੰਦਰ ਪੰਜੇਟਾ, ਸੁੰਦਰ ਸੈਣੀ ਅਤੇ ਰਾਜਨੀਤਿਕ ਸਖਸ਼ੀਅਤਾਂ ਵਿਚੋਂ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਸੀਨੀ. ਅਕਾਲੀ ਆਗੂ ਕ੍ਰਿਸ਼ਨ ਸਿੰਘ ਸਨੌਰ, ਸੀਨੀ. ਕਾਂਗਰਸੀ ਆਗੂ ਨਿਰਮਲ ਭੱਟੀਆਂ ਅਤੇ ਗੌਰਵ ਸੰਧੂ, ਸੂਬਾ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਤੇ ਜਸਵਿੰਦਰ ਸਿੰਘ ਮੋਹਣੀ ਭਾਂਖਰ, ਗੁਰਮੇਲ ਸਿੰਘ ਸਨੌਰ, ਬਲਦੇਵ ਸਿੰਘ ਸਨੌਰ ਤੇ ਮੁਦਰੀ ਤੇ ਹੋਰ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਪਹਿਲੀ ਵਾਰ ਟੇਲਾਂ ’ਤੇ ਪਾਣੀ ਪੁੱਜਣ ’ਤੇ ਟੁੱਟਿਆ ਕਰਮਗੜ੍ਹ ਦੀ ਅਤਾਲਾਂ ਬਰਾਂਚ ਰਜਵਾਹਾ ਕਿਸਾਨ ਦੀ ਤਾਜ਼ੀ ਲਾਈ 5 ਏਕੜ ਜੀ... ਅਗਲੀ ਖ਼ਬਰ ਭਗਵੰਤ ਸਿੰਘ ਮਣਕੂ ਦੀ ਅਗਵਾਈ ’ਚ ਨਾਇਬ ਤਹਿਸੀਲਦਾਰ ਰਵਿੰਦਰਪਾਲ ਸਿੰਘ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।