20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸਮਾਣਾ ਸ਼ਹਿਰ ਮੇਰਾ ਆਪਣਾ ਪਰਿਵਾਰ ਹੈ-ਕਪੂਰ ਚੰਦ ਬਾਂਸਲ ਜਲਦੀ ਹੀ ਸ਼ਹਿਰ ਦੀ ਨੁਹਾਰ ਬਦਲ ਦੇਣਗੇ–ਸੁਰਜੀਤ ਸਿੰਘ ਰੱਖੜਾ

ਅਜੀਤ ਡੈਸਕ 25-06-2026
ਸਮਾਣਾ, 24 ਜੂਨ (ਪ੍ਰੀਤਮ ਸਿੰਘ ਨਾਗੀ)-ਕਪੂਰ ਚੰਦ ਬਾਂਸਲ ਦਾ ਤੀਜੀ ਵਾਰ ਨਗਰ ਕੌਂਸਲ ਸਮਾਣਾ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣਾ ਸ਼ਹਿਰ ਦੇ ਲੋਕਾਂ ਵਲੋਂ ਪ੍ਰਗਟਾਏ ਵਿਸ਼ਵਾਸ ਅਤੇ ਪਿਆਰ ਦੀ ਮਿਸਾਲ ਹੈ। ਸਮਾਣਾ ਸ਼ਹਿਰ ਅਤੇ ਪੂਰਾ ਹਲਕਾ ਮੇਰਾ ਆਪਣਾ ਪਰਿਵਾਰ ਹੈ। ਸ਼ਹਿਰ ਦੇ ਨਵੇਂ ਚੁਣੇ ਪ੍ਰਧਾਨ ਕਪੂਰ ਚੰਦ ਬਾਂਸਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਸ਼ੀਰਵਾਦ ਨਾਲ ਜਲਦੀ ਹੀ ਸ਼ਹਿਰ ਦੀ ਨੁਹਾਰ ਬਦਲ ਦੇਣਗੇ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਪੂਰ ਚੰਦ ਬਾਂਸਲ ਦੇ ਗ੍ਰਹਿ ਵਿਖੇ ਇਕ ਪੈੱਸ ਕਾਨਫ਼ਰੰਸ ਸਮੇਂ ਪ੍ਰਗਟ ਕੀਤੇ। ਇਸ ਸਮੇਂ ਕਪੂਰ ਚੰਦ ਬਾਂਸਲ ਸਮੇਤ ਨਵੇਂ ਚੁਣੇ ਕੌਂਸਲਰ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਚੋਣਾਂ ਵਿਚ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ। ਜਿਨ੍ਹਾਂ ਦਾ ਪੰਜਾਬ ਦੇ ਹਰ ਵਰਗ ਨੂੰ ਲਾਭ ਹੋ ਰਿਹਾ ਹੈ। ਹਰ ਗ਼ਰੀਬ ਅਤੇ ਅਮੀਰ ਅਤੇ ਹਰ ਜਾਤ ਬਿਰਾਦਰੀ ਦੇ ਲੋਕ ਮੁਫ਼ਤ ਬਿਜਲੀ ਸਹੂਲਤ ਦਾ ਅਨੰਦ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ੀਰੋ ਬਿਲ ਲਗਭਗ ਸਭ ਦਾ ਆ ਰਿਹਾ ਹੈ ਅਤੇ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਜਿਸ ਕਾਰਨ ਅਕਾਲੀ ਅਤੇ ਕਾਂਗਰਸੀ ਦੋਨੋਂ ਹੀ ਆਪਣੀ ਪਾਰਟੀ ਦੇ ਕਾਟੋ-ਕਲ਼ੇਸ਼ ਵਿਚ ਉਲਝ ਕੇ ਰਹਿ ਗਏ ਹਨ। ਰੱਖੜਾ ਨੇ ਕਿਹਾ ਕਿ ਲੋਕ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਅੰਦਰੋਂ ਅੰਦਰ ਪੂਰੇ ਸੰਤੁਸ਼ਟ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਆਉਣ ਵਾਲੀ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ, ਇਹੋ ਕਾਰਨ ਹੈ ਕਿ ਲੋਕ ਹੋਰ ਪਾਰਟੀਆਂ ਛੱਡ ਕੇ ਰੋਜ਼ਾਨਾ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੀ ਹਨ। ਰੱਖੜਾ ਨੇ ਕਿਹਾ ਕਿ ‘‘ਯੁੱਧ ਨਸ਼ਿਆ ਵਿਰੁੱਧ’’ ਭਗਵੰਤ ਮਾਨ ਵਲੋਂ ਜੋ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਉਸ ਦੇ ਕਾਫ਼ੀ ਚੰਗੇ ਨਤੀਜੇ ਆ ਰਹੇ ਹਨ ਅਤੇ ਲੋਕਾਂ ਦੇ ਸਹਿਯੋਗ ਨਾਲ ਇਹ ਨੀਤੀ ਪੂਰੀ ਤਰ੍ਹਾਂ ਸਫਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਪੂਰੀ ਤਰਾਂ ਨਸ਼ਾਮੁਕਤ ਹੋ ਕੇ ਦੇਸ਼ ਦੀ ਨੰਬਰ ਇਕ ਸੂਬਾ ਬਣੇਗਾ। ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿਚ ਵੀ ਪੰਜਾਬ ਦੇਸ਼ ਦੇ ਹੋਰ ਸੂਬਿਆਂ ਨਾਲੋਂ ਕਾਫ਼ੀ ਅੱਗੇ ਹੈ। ਮੁਹੱਲਾ ਕਲੀਨਿਕ ਅਤੇ 10 ਲੱਖ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕਾਫ਼ੀ ਲੋਕ ਲਾਭ ਲੈ ਰਹੇ ਹਨ। ਰੱਖੜਾ ਨੇ ਕਿਹਾ ਕਿ ਕਿਸਾਨ ਹਰ ਪੱਖੋਂ ਖ਼ੁਸ਼ ਹਨ, ਕਿਸਾਨਾਂ ਨੂੰ ਪੂਰੀ ਬਿਜਲੀ ਉਹ ਵੀ ਦਿਨ ਸਮੇਂ ਮਿਲ ਰਹੀ ਹੈ। ਨਹਿਰਾਂ ਵਿਚ ਪਾਣੀ ਸਹੀ ਢੰਗ ਨਾਲ ਪਹੁੰਚ ਰਿਹਾ ਹੈ। ਕਿਸਾਨਾਂ ਦੀ ਹਰ ਫ਼ਸਲ ਬਿਨਾਂ ਕਿਸੇ ਪ੍ਰੇਸ਼ਾਨੀ ਖ਼ਰੀਦ ਕੀਤੀ ਗਈ ਹੈ ਅਤੇ ਭੁਗਤਾਨ ਵੀ ਨਾਲੋਂ ਨਾਲ ਹੋਇਆ ਹੈ। ਪੰਜਾਬ ਦੇ ਨੌਜਵਾਨ ਜੋ ਕਾਫ਼ੀ ਵੱਡੀ ਗਿਣਤੀ ਵਿਚ ਵਿਦੇਸ਼ਾਂ ਵਿਚ ਜਾ ਰਹੇ ਸਨ ਇਸ ਵਰਤਾਰੇ ’ਤੇ ਵੀ ਕਾਫ਼ੀ ਰੋਕ ਲੱਗ ਚੁੱਕੀ ਹੈ ਅਤੇ ਹੁਣ ਨੌਜਵਾਨ ਪੰਜਾਬ ਵਿਚ ਰਹਿ ਕੇ ਹੀ ਆਪਣੇ ਕੰਮਕਾਰ ਸ਼ੁਰੂ ਕਰ ਰਹੇ ਹਨ। ਇਸ ਸਮੇਂ ਸੁਖੀ ਰੱਖੜਾ, ਰਾਣਾ ਸੇਖੋਂ, ਅਵਿਨਾਸ਼ ਡਾਂਗ, ਬੱਗਾ ਵਰਮਾ, ਧਰਮਪਾਲ ਨਾਹਰ, ਸੋਨੀ ਕਿੰਗ, ਕਰਮਜੀਤ ਸਿੰਘ ਰੰਧਾਵਾ, ਐਡਵੋਕੇਟ ਗੁਰਭੇਜ ਸਿੰਘ ਰੰਧਾਵਾ, ਹੁਸਨ ਬਾਂਸਲ, ਜਗਤਾਰ ਸੰਧੂ, ਮੈਡਮ ਰਮਨ ਨਾਗਰਾ, ਗਗਨਦੀਪ ਨਾਗੀ ਤੇ ਨਿਸ਼ਾਨ ਚੀਮਾ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਵੱਖ-ਵੱਖ ਪਾਰਟੀਆਂ ਦੇ ਆਗੂ ਜਸਪਾਲ ਸਿੰਘ ਬਿੱਟੂ ਚੱਠਾ ਦੀ ਅਗਵਾਈ ਹੇਠ ਸ਼ੋ੍ਮਣੀ ਅਕਾਲੀ ਦਲ (ਬ) ’ਚ ਹੋਏ ਸ਼ਾਮਿਲ ਅਗਲੀ ਖ਼ਬਰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਨੂੰ ਲੱਗਾ ਸਿਆਸੀ ਗ੍ਰਹਿਣ, ਪ੍ਰਬੰਧਕੀ ਕਾਰਨ ਦੱਸ ਕੇ ਕੀਤੀ ਮੀਟਿੰਗ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।