ਪਟਿਆਲਾ, 18 ਜੁਲਾਈ (ਮਨਦੀਪ ਸਿੰਘ ਖਰੌੜ)-ਆੜ੍ਹਤੀ ਐਸੋਸੀਏਸ਼ਨ ਨਵੀਂ ਅਨਾਜ ਮੰਡੀ ਦੇ ਪ੍ਰਧਾਨ ਤੇ ਪੀ. ਡੀ. ਏ. ਓਮੈਕਸ ਸਿਟੀ ਵੈਲੇਫਅਰ ਐਸੋਸੀਏਸ਼ਨ ਦੇ ਪਧਾਨ ਇੰਜੀ. ਸਤਵਿੰਦਰ ਸਿੰਘ ਨੂੰ ਹੁਣ ਸਰਕਾਰ ਨੇ ਸੈਣੀ ਭਲਾਈ ਬੋਰਡ ਦਾ ਪਟਿਆਲਾ ਦਿਹਾਤੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਇੰਜੀ. ਸਤਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿ ਆਮ ਆਦਮੀ ਪਾਰਟੀ ਵਲੋਂ ਸੈਣੀ ਭਾਈਚਾਰੇ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ ਤੇ ਸਮਾਜ ਦੇ ਹਿੱਤਾਂ ਦੀ ਰਾਖੀ ਲਈ ਬੋਰਡ ਦਾ ਗਠਨ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੀ ਅਜਿਹੀ ਪਾਰਟੀ ਹੈ। ਜਿਸ ਨੇ ਸਾਰੇ ਵਰਗਾਂ ਨੂੰ ਪ੍ਰਤੀਨਿਧਤਾ ਦਿੱਤੀ ਹੈ। ਇੰਜੀ. ਸਤਵਿੰਦਰ ਸਿੰਘ ਸੈਣੀ ਵਲੋਂ ਹੁਣ ਤੱਕ ਜਿਹੜੀ ਵੀ ਜ਼ਿੰਮੇਵਾਰੀ ਮਿਲੀ ਹੈ, ਉਨ੍ਹਾਂ ਨੇ ਉਸ ਜ਼ਿੰਮੇਵਾਰੀ ਨੂੰ ਤਨਦੇਹੀ ਨਾ ਨਿਭਾਇਆ ਗਿਆ ਹੈ। ਇਹੀ ਕਾਰਨ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਲਗਾਤਾਰ ਆੜ੍ਹਤੀ ਐਸੋਸੀਏਸ਼ਨ ਨਵੀਂ ਅਨਾਜ ਮੰਡੀ ਦੇ ਪ੍ਰਧਾਨ ਚਲੇ ਆ ਰਹੇ ਹਨ ਅਤੇ ਹਾਲ ਵਿਚ ਉਨ੍ਹਾਂ ਦੀ ਕਾਰਗੁਜਾਰੀ ਨੂੰ ਦੇਖਦੇ ਹੋਏ ਪੀ. ਡੀ. ਏ. ਓਮੈਕਸ ਸਿਟੀ ਵਲੋਂ ਵੀ ਉਨ੍ਹਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ ਮੰਡੀ ਬੋਰਡ ਦੀ ਸਟੈਡਿੰਗ ਕਮੇਟੀ ਦੇ ਮੈਂਬਰ ਵੀ ਹਨ ਅਤੇ ਉਨ੍ਹਾਂ ਵਲੋਂ ਪਹਿਲੀ ਵਾਰ ਸਟੈਡਿੰਗ ਕਮੇਟੀ ਦੀ ਮੀਟਿੰਗ ਵਿਚ ਲੇਬਰ ਰੇਟਾਂ ਦਾ ਮੁੱਦਾ ਚੁੱਕਿਆ ਸੀ ਅਤੇ ਇਸ ਤੋਂ ਬਾਅਦ ਲੇਬਰ ਰੇਟਾਂ ਵਿਚ 10 ਫੀਸਦੀ ਦਾ ਵਾਧਾ ਹੋਇਆ ਸੀ ਤੇ ਜਿਸ ਨਾਲ ਮਜਦੂਰਾਂ ਨੂੰ 100 ਕਰੋੜ ਦਾ ਫਾਇਦਾ ਹੋਇਆ ਸੀ।