08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ‘ਸਾਵਣ ਕਵੀ ਦਰਬਾਰ’ ਕਰਵਾਇਆ

ਅਜੀਤ ਡੈਸਕ 23-07-2026
ਪਟਿਆਲਾ, 22 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)- ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਪੰਜਾਬੀ ਸਾਹਿਤ ਦੀ ਨਾਮਵਰ ਸ਼ਖ਼ਸੀਅਤ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ‘ਸਾਵਣ ਕਵੀ ਦਰਬਾਰ’ ਕਰਵਾਇਆ ਗਿਆ । ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਭਾਸ਼ਾ ਵਿਭਾਗ, ਪੰਜਾਬ, ਸਮਾਜਿਕ ਖੇਤਰ ਦੇ ਸੌੜੇ ਰਾਹਾਂ ਨੂੰ ਖੋਜਣ ਲਈ ਲਗਾਤਾਰ ਯਤਨ ਕਰ ਰਿਹਾ ਹੈ। ਇਨ੍ਹਾਂ ਯਤਨਾਂ ਵਿੱਚ ‘ਔਰਤ ਦਿਵਸ’ ਨੂੰ ਸਮਰਪਿਤ ਸਮਾਰੋਹ ਤੋਂ ਇਲਾਵਾ ਹੋਰ ਸਮਾਗਮ ਵੀ ਆਯੋਜਿਤ ਕੀਤੇ ਜਾਂਦੇ ਹਨ, ਜਿਸ ਵਿੱਚ ਸਾਰੀ ਪ੍ਰਤੀਨਿਧਤਾ ਔਰਤਾਂ ਨੂੰ ਦਿੱਤੀ ਜਾਂਦੀ ਹੈ। ਇਸ ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬੀ ਦੀ ਅਜ਼ੀਮ ਸ਼ਾਇਰਾ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਮੀਤ ਪ੍ਰਧਾਨ ਗੁਰਚਰਨ ਕੌਰ ਕੋਚਰ ਨੇ ਕੀਤੀ। ਉਨ੍ਹਾਂ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਅੰਮ੍ਰਿਤਾ ਪ੍ਰੀਤਮ ਪੰਜਾਬੀ ਦੀ ਉਹ ਸ਼ਾਇਰਾ ਸੀ ਜਿਸ ਨੇ ਪੰਜਾਬੀ ਸ਼ਾਇਰੀ ਨੂੰ ਨਵੇਂ ਸਮਾਜਿਕ ਸਰੋਕਾਰਾਂ ਨਾਲ ਜੋੜਿਆ, ਉੱਥੇ ਹੀ ਔਰਤ ਦੇ ਅੰਤਰ ਮਨ ਨੂੰ ਦੇਖਣ ਦੀ ਦ੍ਰਿਸ਼ਟੀ ਦਿੱਤੀ। ਉਹਨਾਂ ਸਾਵਣ ਦੀ ਸਮਾਜਿਕ, ਸਮਾਜ-ਸੱਭਿਆਚਾਰਕ ਮਹੱਤਤਾ ਬਾਰੇ ਗੁਰਬਾਣੀ ਦੇ ਹਵਾਲੇ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਹਨਾਂ ਜਿੱਥੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ, ਉੱਥੇ ਕਵਿੱਤਰੀਆਂ ਵੱਲੋਂ ਸੁਣਾਈਆਂ ਕਵਿਤਾਵਾਂ ‘ਤੇ ਸਾਰਥਕ ਟਿੱਪਣੀਆਂ ਵੀ ਕੀਤੀਆਂ। ਰਜਿੰਦਰ ਕੌਰ, ਸੀਨੀਅਰ ਸਹਾਇਕ ਨੇ ਉਨ੍ਹਾਂ ਦਾ ਬੂਟੇ ਨਾਲ ਸਵਾਗਤ ਕੀਤਾ। ਇਸ ਮੌਕੇ ਰਣਜੀਤ ਕੌਰ ਸਵੀ ਨੇ ‘ਆ ਗਿਆ ਵੇ ਮਾਹੀ ਮਹੀਨਾ ਹੁਣ ਸਾਉਣ ਦਾ’ ਗੀਤ ਦਾ ਗਾਇਨ ਕੀਤਾ ਤੇ ਡਾ. ਇਰਾਦੀਪ ਤਰੇਹਨ ਨੇ ਅੰਮ੍ਰਿਤਾ ਪ੍ਰੀਤਮ ਨਾਲ ਸੰਬੰਧਿਤ ਕਵਿਤਾ ‘ਤੂੰ ਨੂਰੀ ਹੈ’ ਤੇ ਇੱਕ ਹੋਰ ਕਵਿਤਾ ‘ਖੂਬਸੂਰਤ’ ਪੇਸ਼ ਕੀਤੀ। ਰਾਜਿੰਦਰ ਸਰਾਓ ਨੇ ‘ਛੇਤੀ ਦੱਸੀਂ ਪੇਕਿਆਂ ਦਾ ਹਾਲ ਨੀਂ’, ਡਾ. ਨਵਦੀਪ ਕੌਰ ਨੇ ਅੰਮ੍ਰਿਤਾ ਪ੍ਰੀਤਮ ਨਾਲ ਸੰਬੰਧਿਤ ਰਚਨਾ ‘ਸਮਕਾਲ ਦਾ ਹਉਕਾ’, ਸਰਬਜੀਤ ਕੌਰ ਜੱਸ ਨੇ ਨੁਸਖਾ ਤੇ ਬੋਲੀਆਂ, ਜਗਦੀਪ ਕੌਰ ਢਿੱਲਵਾਂ ਨੇ ‘ਦੂਰ ਕਦੇ ਉੱਡ ਚੱਲੀਏ’ ਗ਼ਜ਼ਲ, ਸੰਦੀਪ ਜਸਵਾਲ ਨੇ ਟੱਪੇ, ‘ਬੁੱਝੋ ਕੌਣ’ ਤੇ ਧੂਣੀ ਦੀ ਅੱਗ, ਰੂਹੀ ਸਿੰਘ ਨੇ ‘ਤੇਰੀ ਆਵਾਜ਼ ਤੋਂ ਨਫ਼ਰਤ’ ਗ਼ਜ਼ਲ ਆਦਿ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਸੁਰਿੰਦਰ ਕੌਰ ਬਾੜਾ ਨੇ ਬੋਲੀਆਂ ਦੇ ਗਾਇਨ ਕਰਕੇ ਰੰਗ ਬੰਨ੍ਹਿਆ। ਵਿਭਾਗ ਦੀਆਂ ਕਰਮਚਾਰਨਾਂ ਕਿਰਨਜੀਤ ਕੌਰ, ਅਵਨੀਤ ਕੌਰ, ਵਿਸ਼ਵਜੋਤ ਕੌਰ ਤੇ ਰਾਖੀ ਨੇ ਸਾਰੀਆਂ ਕਵਿੱਤਰੀਆਂ ਨੂੰ ਸਵਾਗਤ ਵਜੋਂ ਫੁੱਲ ਭੇਟ ਕੀਤੇ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਖੋਜ ਅਫ਼ਸਰ ਤੇ ਰੂਹੀ ਸਿੰਘ ਨੇ ਸਾਂਝੇ ਰੂਪ ਵਿੱਚ ਕੀਤਾ। ਅਖ਼ੀਰ ਵਿੱਚ ਸਾਰੀਆਂ ਕਵਿੱਤਰੀਆਂ ਨੂੰ ਵਿਭਾਗੀ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਵਿਭਾਗ ਦੀ ਵਧੀਕ ਡਾਇਰੈਕਟਰ ਚੰਦਨਦੀਪ ਕੌਰ ਨੇ ਕਵੀਆਂ ਤੇ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੀਤਮ ਸਿੰਘ ਜੌਹਲ, ਗੁਲਜ਼ਾਰ ਪਟਿਆਲਵੀ, ਅੰਮ੍ਰਿਤਪਾਲ ਸ਼ੈਦਾ, ਬਲਵਿੰਦਰ ਸੰਧੂ, ਗੁਰਚਰਨ ਪੱਬਰਾਲੀ, ਸੁਖਮੰਦਰ ਸੇਖੋਂ, ਗੁਰਿੰਦਰ ਅਮਨ, ਇੰਜੀ. ਜਤਿੰਦਰ ਸਿੰਘ ਅਵਤਾਰਜੀਤ, ਡਾ. ਪੁਸ਼ਪਿੰਦਰ ਕੌਰ, ਚਰਨਜੀਤ ਕੌਰ ਤੋਂ ਇਲਾਵਾ ਵਿਭਾਗ ਦੇ ਸਹਾਇਕ ਡਾਇਰੈਕਟਰ ਸ. ਅਮਰਿੰਦਰ ਸਿੰਘ, ਜਸਪ੍ਰੀਤ ਕੌਰ ਤੇ ਦਵਿੰਦਰ ਕੌਰ, ਸੰਤੋਖ ਸਿੰਘ, ਸਤਪਾਲ ਸਿੰਘ, ਬਲਦੇਵ ਸਿੰਘ ਖੋਜ ਅਫ਼ਸਰ ਤੋਂ ਇਲਾਵਾ ਵਿਭਾਗ ਦੇ ਹੋਰ ਬਹੁਤ ਸਾਰੇ ਕਰਮਚਾਰੀ ਹਾਜ਼ਿਰ ਸਨ।
ਪਿਛਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਵੱਖ-ਵੱਖ ਕਾਲੋਨੀਆਂ ’ਚ ਕੀਤੀ ਲੋਕ ਮਿਲਣੀ ਅਗਲੀ ਖ਼ਬਰ ਸਮਾਣਾ ’ਚ ਸ਼ਰੇਆਮ ਚੱਲਦਾ ਹੈ ਗੁੰਡਾਗਰਦੀ ਦਾ ਨੰਗਾ ਨਾਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।