ਦੇਵੀਗੜ੍ਹ ਇਲਾਕੇ ਵਿਚ ਸਾਵਣ ਦੀ ਪਹਿਲੀ ਬਾਰਿਸ਼ ਨਾਲ ਅਦਾਲਤੀਵਾਲਾ ਵਿਖੇ ਬਣੇ ਹੜ੍ਹ ਵਰਗੇ ਹਾਲਾਤ
ਦੇਵੀਗੜ੍ਹ 4 ਅਗਸਤ (ਰਾਜਿੰਦਰ ਸਿੰਘ ਮੌਜੀ)-ਸਾਵਣ ਮਹੀਨੇ ਦੀ ਪਹਿਲੀ ਮੋਹਲੇਧਾਰ ਬਾਰਿਸ਼ ਨੇ ਦੇਵੀਗੜ੍ਹ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬਰਸਾਤ ਦੇ ਪਹਿਲੇ ਹੀ ਗੇੜ ਵਿਚ ਖਾਸ ਕਰਕੇ ਟਾਂਗਰੀ ਨਦੀ ਤੋਂ ਪਾਰ ਦੇ ਪੇਂਡੂ ਖੇਤਰਾਂ ਵਿਚ ਸਥਿਤੀ ਬਹੁਤ ਚਿੰਤਾਜਨਕ ਬਣ ਗਈ ਹੈ, ਜਿਥੇ ਭਾਰੀ ਮੀਂਹ ਦੇ ਪਾਣੀ ਨੇ ਕਿਸਾਨਾਂ ਦੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ।
ਦੇਵੀਗੜ੍ਹ 4 ਅਗਸਤ (ਰਾਜਿੰਦਰ ਸਿੰਘ ਮੌਜੀ)-ਸਾਵਣ ਮਹੀਨੇ ਦੀ ਪਹਿਲੀ ਮੋਹਲੇਧਾਰ ਬਾਰਿਸ਼ ਨੇ ਦੇਵੀਗੜ੍ਹ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬਰਸਾਤ ਦੇ ਪਹਿਲੇ ਹੀ ਗੇੜ ਵਿਚ ਖਾਸ ਕਰਕੇ ਟਾਂਗਰੀ ਨਦੀ ਤੋਂ ਪਾਰ ਦੇ ਪੇਂਡੂ ਖੇਤਰਾਂ ਵਿਚ ਸਥਿਤੀ ਬਹੁਤ ਚਿੰਤਾਜਨਕ ਬਣ ਗਈ ਹੈ, ਜਿਥੇ ਭਾਰੀ ਮੀਂਹ ਦੇ ਪਾਣੀ ਨੇ ਕਿਸਾਨਾਂ ਦੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ। ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਰਿਸ਼ ਦਾ ਸਭ ਤੋਂ ਜ਼ਿਆਦਾ ਪਾਣੀ ਪਿੰਡ ਅਦਾਲਤੀਵਾਲਾ ਤੇ ਪਿੰਡ ਬ੍ਰਾਹਮਪੁਰ ਵਿਖੇ ਦੇਖਣ ਨੂੰ ਮਿਲਿਆ ਹੈ, ਜਿਥੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸਥਾਨਕ ਕਿਸਾਨਾਂ ਅਨੁਸਾਰ ਅਦਾਲਤੀਵਾਲਾ ਡਰੇਨ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਰਕੇ ਡਰੇਨ ਵਿਚ ਭਾਰੀ ਮਾਤਰਾ ਵਿਚ ਘਾਹ-ਫੂਸ ਅਤੇ ਬੂਟੀ ਜੰਮੀ ਹੋਈ ਸੀ। ਮੀਂਹ ਪੈਣ ‘ਤੇ ਇਹ ਸਾਰੀ ਬੂਟੀ ਤੇ ਕੂੜਾ-ਕਰਕਟ ਪੁਲੀਆਂ ਵਿਚ ਜਾ ਕੇ ਫਸ ਗਿਆ, ਜਿਸ ਕਾਰਨ ਪਾਣੀ ਦਾ ਵਹਾਅ ਰੁਕ ਗਿਆ ਤੇ ਪਾਣੀ ਉਛਲ ਕੇ ਨੇੜਲੇ ਖੇਤਾਂ ਵਿਚ ਦਾਖ਼ਲ ਹੋ ਗਿਆ। ਇਸੇ ਤਰ੍ਹਾਂ ਟਾਂਗਰੀ ਪਾਰ ਦੇ ਇਲਾਕੇ ਵਿਚ ਕਿਸਾਨਾਂ ਵਲੋਂ ਮਹਿੰਗੇ ਭਾਅ ਦੇ ਬੀਜ ਖਰੀਦ ਕੇ ਲਗਾਏ ਗਏ ਝੋਨੇ ਦੀ ਪੂਰੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਲਗਾਤਾਰ ਪਾਣੀ ਖੜ੍ਹਾ ਰਿਹਾ ਤਾਂ ਝੋਨੇ ਦੇ ਬੂਟਿਆਂ ਦੇ ਗਲਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ, ਜਿਸ ਨਾਲ ਇਲਾਕੇ ਦੇ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ। ਇਸ ਮੌਕੇ ਪਿੰਡ ਕਰਤਾਰਪੁਰ ਤੇ ਗਣੇਸ਼ ਪੁਰ ਦੇ ਕਿਸਾਨਾਂ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸੈਂਕੜੇ ਏਕੜ ਫ਼ਸਲ ਪਾਣੀ ’ਚ ਡੁੱਬ ਗਈ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਬਰਸਾਤ ਦਾ ਮੌਸਮ ਆਉਣ ਤੋਂ ਪਹਿਲਾਂ ਡਰੇਨਾਂ ਦੀ ਸਫ਼ਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ ‘ਤੇ ਕੋਈ ਕੰਮ ਨਹੀਂ ਕੀਤਾ ਜਾਂਦਾ। ਜੇਕਰ ਸਮੇਂ ਸਿਰ ਅਦਾਲਤੀਵਾਲਾ ਡਰੇਨ ਦੀ ਸਫ਼ਾਈ ਕਰਵਾਈ ਜਾਂਦੀ ਤਾਂ ਅੱਜ ਇਹ ਦਿਨ ਨਾ ਦੇਖਣਾ ਪੈਂਦਾ। ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਮੌਕੇ ਦਾ ਜਾਇਜ਼ਾ ਲਵੇ, ਪੁਲੀਆਂ ਵਿਚ ਫਸੀ ਬੂਟੀ ਨੂੰ ਕਢਵਾ ਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੇ।