ਢਾਡੀ ਕਲਾ ਪੰਜਾਬ ਦੇ ਇਤਿਹਾਸ ਨੂੰ ਸੇਧ ਦੇਣ ਵਾਲੀ ਮਾਣਮੱਤੀ ਕਲਾ- ਕੁਲਤਾਰ ਸਿੰਘ ਸੰਧਵਾਂ
ਪਟਿਆਲਾ, 25 ਅਗਸਤ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਵਲੋਂ ਭਾਸ਼ਾ ਭਵਨ ਵਿਖੇ ਗਿਆਨੀ ਸੋਹਣ ਸਿੰਘ ਸੀਤਲ ਯਾਦਗਾਰੀ ਢਾਡੀ ਸਮਾਗਮ ਕਰਵਾਇਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.
ਸ
ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਡਾਇਰੈਕਟਰ ਭਾਸ਼ਾ ਵਿਭਾਗ ਜਸਵੰਤ ਸਿੰਘ ਜ਼ਫ਼ਰ ਵਿਭਾਗੀ ਸਰਗਰਮੀਆਂ ਬਾਰੇ ਪੁਸਤਕ ‘ਸਾਲ ਦੇ ਸਫ਼ੇ’ ਜਾਰੀ ਕਰਦੇ ਹੋਏ ਨਾਲ ਡਾ. ਪੁਸ਼ਪਿੰਦਰ ਸਿੰਘ ਗਿੱਲ, ਕੰਵਲਜੀਤ ਸਿੰਘ ਢੀਂਡਸਾ ਤੇ ਹੋਰ। ਤਸਵੀਰ : ਪ੍ਰਭਨੂਰ ਸਿੰਘ
26-08-2026
ਪਟਿਆਲਾ, 25 ਅਗਸਤ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਵਲੋਂ ਭਾਸ਼ਾ ਭਵਨ ਵਿਖੇ ਗਿਆਨੀ ਸੋਹਣ ਸਿੰਘ ਸੀਤਲ ਯਾਦਗਾਰੀ ਢਾਡੀ ਸਮਾਗਮ ਕਰਵਾਇਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਢਾਡੀ ਕਲਾ ਪੰਜਾਬ ਦੇ ਇਤਿਹਾਸ ਨੂੰ ਸੇਧ ਦੇਣ ਵਾਲੀ ਮਾਣਮੱਤੀ ਕਲਾ ਹੈ ਅਤੇ ਇਹ ਸੂਰਮਗਤੀ ਦੀ ਪ੍ਰਤੀਨਿਧਤਾ ਕਰਦਿਆਂ ਸਮੇਂ-ਸਮੇਂ ’ਤੇ ਇਤਿਹਾਸ ਨੂੰ ਮੋੜ ਦੇਣ ਵਾਲੀ ਭੂਮਿਕਾ ਨਿਭਾਉਂਦੀ ਆਈ ਹੈ। ਸਮਾਗਮ ਦੌਰਾਨ ਢਾਡੀ ਜਥਿਆਂ ਨੇ ਗਿਆਨੀ ਸੋਹਣ ਸਿੰਘ ਸੀਤਲ ਦੀਆਂ ਰਚਨਾਵਾਂ ਦਾ ਗਾਇਨ ਕਰਕੇ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਸ. ਕੁਲਤਾਰ ਸਿੰਘ ਸੰਧਵਾਂ ਨੇ ਭਾਸ਼ਾ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਿਆਨੀ ਸੋਹਣ ਸਿੰਘ ਸੀਤਲ ਨੂੰ ਯਾਦ ਕਰਕੇ ਵਿਭਾਗ ਨੇ ਪੰਜਾਬੀ ਮਾਂ ਦੀਆਂ ਅਸੀਸਾਂ ਲੈਣ ਵਾਲਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਤਲ ਆਪਣੀ ਕਲਾ ਦੇ ਵੱਖ-ਵੱਖ ਸਰੂਪਾਂ ਰਾਹੀਂ ਪੰਜਾਬ ਨੂੰ ਹਰ ਪੱਖੋਂ ਖੁਸ਼ਹਾਲ ਬਣਾਉਣ ਦੀ ਚਾਹਤ ਪ੍ਰਗਟ ਕਰਦੇ ਰਹੇ। ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਸਵਾਗਤੀ ਭਾਸ਼ਨ ਦੌਰਾਨ ਕਿਹਾ ਕਿ ਗਿਆਨੀ ਸੋਹਣ ਸਿੰਘ ਸੀਤਲ ਦੀ ਸ਼ਖ਼ਸੀਅਤ ਵਿਚ ਢਾਡੀ ਕਲਾ, ਇਤਿਹਾਸਕਾਰੀ, ਗੀਤਕਾਰੀ ਤੇ ਨਾਵਲਕਾਰੀ ਦੇ ਅਨੇਕ ਰੰਗ ਸ਼ਾਮਿਲ ਸਨ। ਉਨ੍ਹਾਂ ਦੀ ਵਿਲੱਖਣਤਾ ਇਹ ਸੀ ਕਿ ਉਹ ਢਾਡੀ ਕਲਾ ਦੇ ਨਾਲ-ਨਾਲ ਉੱਚ ਕੋਟੀ ਦੇ ਨਾਵਲਕਾਰ ਵੀ ਸਨ। ਉਨ੍ਹਾਂ ਕਿਹਾ ਕਿ ਢਾਡੀ ਅਤੇ ਕਵੀਸ਼ਰੀ ਕਲਾ ਨੇ ਮੱਧਕਾਲ ਤੋਂ ਹੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ। ਮੁੱਖ ਵਕਤਾ ਦੇਸ ਰਾਜ ਛਾਜਲੀ ਨੇ ਗਿਆਨੀ ਸੋਹਣ ਸਿੰਘ ਸੀਤਲ ਦੀ ਸ਼ਖ਼ਸੀਅਤ ਤੇ ਕਲਾ ਬਾਰੇ ਚਾਨਣਾ ਪਾਉਂਦਿਆਂ ਪੰਜਾਬ ਦੇ ਢਾਡੀ ਸੰਗੀਤ ਦੇ ਆਰੰਭ ਤੇ ਵਿਕਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਢਾਡੀ ਕਲਾ ਸੰਗੀਤ ਦੀ ਸੱਚੀ-ਸੁੱਚੀ ਪ੍ਰੰਪਰਾ ਹੈ, ਜੋ ਗੁਰੂ ਕਾਲ ਤੋਂ ਪਹਿਲਾਂ ਤੋਂ ਚੱਲੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਢਾਡੀ ਕਲਾ ਵਿਚ ਅਹਿਮ ਮੋੜ ਆਇਆ ਅਤੇ ਇਸ ਵਿਚ ਬੀਰ ਰਸ ਦਾ ਰੰਗ ਸ਼ਾਮਿਲ ਹੋਇਆ। ਉਪਰੰਤ ਦੇਸ ਰਾਜ ਛਾਜਲੀ ਤੇ ਸਾਥੀਆਂ ਘਰਿੰਦਰ ਸਿੰਘ ਵੜੈਚ, ਹ ਰਬਾਗ ਸਿੰਘ ਵੜੈਚ ਤੇ ਹੰਸ ਰਾਜ ਛਾਜਲੀ ਨੇ ‘ਅੰਗ-ਸੰਗ ਰਹੀ ਬਾਜ਼ਾਂ ਵਾਲਿਆਂ’ ਗਾ ਕੇ ਢਾਡੀ ਗਾਇਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਗਦਰ ਲਹਿਰ ਅਤੇ ਪੰਜਾਬ ਦੀ ਅਜੋਕੀ ਸਥਿਤੀ ਬਾਰੇ ਪੇਸ਼ਕਾਰੀ ਦਿੱਤੀ। ਢਾਡੀ ਰਛਪਾਲ ਸਿੰਘ ਪਮਾਲ ਦੇ ਜਥੇ ਨੇ ਗੁਰੂ ਅਰਜਨ ਸਾਹਿਬ ਦੀ ਇਕ ਪੌੜੀ ਦੇ ਗਾਇਨ ਤੋਂ ਬਾਅਦ ਸੀਤਲ ਦੀ ਰਚਨਾ ‘ਕਹਿ ਦੇ ਇਕ ਵਾਰੀ ਪੁੱਤ ਨਹੀਂ ਦਸਮੇਸ਼ ਦਾ’ ਅਤੇ ‘ਆਪਣਾ ਪੰਜਾਬ ਹੋਵੇ, ਹੱਥ ’ਚ ਕਿਤਾਬ ਹੋਵੇ’ ਪੇਸ਼ ਕੀਤੀ। ਇਸ ਮੌਕੇ ਨਵਜੋਤ ਸਿੰਘ ਮੰਡੇਰ, ਜਸਕੰਵਰ ਸਿੰਘ ਮੰਡੇਰ ਤੇ ਨਵਕੰਵਰ ਸਿੰਘ ਮੰਡੇਰ ਦੇ ਜਥੇ ਨੇ ‘ਪੰਜਾਬ ਦੀਏ ਮੁਟਿਆਰੇ ਨੀ’, ‘ਮੇਰੀ ਹੰਝੂਆਂ ’ਚ ਖੁਰ ਗਈ ਜਵਾਨੀ’, ‘ਗਾਨੀ’ ਤੇ ‘ਕਲੈਰੀਆ ਮੋਰਾ ਵੇ’ ਰਾਹੀਂ ਸਮਾਗਮ ਨੂੰ ਸਿਖ਼ਰ ’ਤੇ ਪਹੁੰਚਾਇਆ। ਇਸ ਮੌਕੇ ਭਾਸ਼ਾ ਵਿਭਾਗ ਦੀਆਂ ਪਿਛਲੇ ਵਰ੍ਹੇ ਦੀਆਂ ਸਰਗਰਮੀਆਂ ਤੇ ਪ੍ਰਾਪਤੀਆਂ ’ਤੇ ਆਧਾਰਿਤ ਪੁਸਤਕ ‘ਸਾਲ ਦੇ ਸਫ਼ੇ’ ਵੀ ਲੋਕ ਅਰਪਣ ਕੀਤੀ ਗਈ। ਮਹਿਮਾਨਾਂ ਤੇ ਢਾਡੀ ਜਥਿਆਂ ਨੂੰ ਵਿਭਾਗੀ ਸ਼ਾਲਾਂ ਤੇ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭੁਪਿੰਦਰਾ ਸਪੋਰਟਸ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਪੁਸ਼ਪਿੰਦਰ ਸਿੰਘ ਗਿੱਲ, ਕੰਵਲਜੀਤ ਸਿੰਘ ਢੀਂਡਸਾ, ਪਦਮਸ੍ਰੀ ਪ੍ਰਾਣ ਸੱਭਰਵਾਲ, ਪ੍ਰੋ. ਕਿਰਪਾਲ ਕਜ਼ਾਕ, ਇੰਜ. ਜੋਤਇੰਦਰ ਸਿੰਘ, ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ, ਐਸ. ਡੀ. ਐਮ. ਗੁਰਦੇਵ ਸਿੰਘ, ਸਾਬਕਾ ਡਿਪਟੀ ਡਾਇਰੈਕਟਰ ਸਤਨਾਮ ਸਿੰਘ, ਸ਼ਾਇਰ ਅਵਤਾਰਜੀਤ ਸਿੰਘ, ਡਾ. ਜਗਦੀਸ਼ ਪਾਪੜਾ, ਪ੍ਰੀਤਮ ਸਿੰਘ ਜੌਹਲ, ਰੰਗਕਰਮੀ ਜੋਗਾ ਸਿੰਘ ਤੇ ਡਾ. ਪੁਸ਼ਪਿੰਦਰ ਖੋਖਰ ਸਮੇਤ ਵੱਡੀ ਗਿਣਤੀ ਵਿਚ ਸਰੋਤੇ ਹਾਜ਼ਰ ਸਨ।