ਪਟਿਆਲਾ, 1 ਅਕਤੂਬਰ (ਅ .ਸ. ਅਹਲੂਵਾਲੀਆ)- ਨਗਰ ਨਿਗਮ ਪਟਿਆਲਾ ਨੇ ਵਿੱਤੀ ਸਾਲ 2026-27 ਦੌਰਾਨ 10 ਫ਼ੀਸਦੀ ਰਿਬੇਟ ਦੇ ਆਖ਼ਰੀ ਦਿਨਾਂ ਵਿਚ ਪ੍ਰਾਪਰਟੀ ਟੈਕਸ ਕੁਲੈਕਸ਼ਨ ਦੇ ਮਾਮਲੇ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੰਜਾਬ ਸਰਕਾਰ ਵਲੋਂ ਦਿੱਤੀ ਗਈ 10 ਫ਼ੀਸਦੀ ਛੋਟ ਦੀ ਆਖ਼ਰੀ ਮਿਤੀ 30 ਸਤੰਬਰ ਤੱਕ ਸ਼ਹਿਰ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਪਿਛਲੇ ਸਾਲ 2025 ਦੇ ਮੁਕਾਬਲੇ ਇਸ ਸਾਲ ਸਤੰਬਰ ਮਹੀਨੇ ਦੇ ਆਖ਼ਰੀ ਦਿਨਾਂ ਦੌਰਾਨ ਨਿਗਮ ਦੇ ਖ਼ਜ਼ਾਨੇ ਵਿਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਮੇਅਰ ਕੁੰਦਨ ਗੋਗੀਆ ਤੇ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਦਫ਼ਤਰ ਖੁੱਲ੍ਹਾ ਰੱਖਣ ਦੇ ਫ਼ੈਸਲੇ ਸਦਕਾ ਲੋਕਾਂ ਨੇ ਬਿਨਾਂ ਕਿਸੇ ਪੇ੍ਸ਼ਾਨੀ ਦੇ ਆਪਣੇ ਬਕਾਏ ਜਮ੍ਹਾਂ ਕਰਵਾਏ। ਹੁਣ ਤੱਕ ਨਿਗਮ ਖਜ਼ਾਨੇ ਵਿਚ 5,30,99,643 ਰੁਪਏ ਬਤੌਰ ਪ੍ਰੋਪਰਟੀ ਟੈਕਸ ਕਰਦਾਤਾਵਾਂ ਵਲੋਂ ਜਮ੍ਹਾਂ ਕਰਵਾ ਦਿੱਤੇ ਗਏ ਹਨ। ਉਨ੍ਹਾਂ ਲਗਨ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਸਮੂਹ ਨਿਗਮ ਮੁਲਾਜ਼ਮਾਂ ਦੀ ਮਿਹਨਤ ਦੀ ਵੀ ਪੁਰਜ਼ੋਰ ਸ਼ਲਾਘਾ ਕੀਤੀ।