02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬਾਸਮਤੀ ਦੇ ਚੰਗੇ ਭਾਅ ਨੇ ਕਿਸਾਨਾਂ ਦੇ ਚਿਹਰੇ ਖਿੜਾਏ ਸਮਾਣਾ ਮੰਡੀ ’ਚ 4550 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜਿਆ ਭਾਅ

ਪਟਿਆਲਾ, 1 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਇਸ ਵਾਰ ਬਾਸਮਤੀ ਦੇ ਭਾਅ ’ਚ ਆਈ ਤੇਜ਼ੀ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਖੁਸ਼ੀ ਲਿਆ ਦਿੱਤੀ ਹੈ। ਪਿਛਲੇ ਦਿਨੀ ਸਮਾਣਾ ਦੀ ਅਨਾਜ ਮੰਡੀ ਵਿਚ 1509 ਬਾਸਮਤੀ ਦਾ ਭਾਅ 4550 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜਣ ਦੀ ਜਾਣਕਾਰੀ ਹੈ।

ਮੰਡੀ ’ਚ ਆਈ ਬਾਸਮਤੀ ਦਾ ਢੇਰ। 02-10-2026
ਪਟਿਆਲਾ, 1 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਇਸ ਵਾਰ ਬਾਸਮਤੀ ਦੇ ਭਾਅ ’ਚ ਆਈ ਤੇਜ਼ੀ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਖੁਸ਼ੀ ਲਿਆ ਦਿੱਤੀ ਹੈ। ਪਿਛਲੇ ਦਿਨੀ ਸਮਾਣਾ ਦੀ ਅਨਾਜ ਮੰਡੀ ਵਿਚ 1509 ਬਾਸਮਤੀ ਦਾ ਭਾਅ 4550 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜਣ ਦੀ ਜਾਣਕਾਰੀ ਹੈ। ਚੰਗੇ ਭਾਅ ਮਿਲਣ ਕਾਰਨ ਮੰਡੀ ਵਿਚ ਆਪਣੀ ਫ਼ਸਲ ਲੈ ਕੇ ਪੁੱਜ ਰਹੇ ਕਿਸਾਨਾਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ। ਬਾਸਮਤੀ ਦੇ ਵਪਾਰ ਨਾਲ ਜੁੜੇ ਹਲਕਿਆਂ ਅਨੁਸਾਰ ਇਸ ਵਾਰ 1509 ਦੇ ਭਾਅ ਨੂੰ ਮਜ਼ਬੂਤੀ ਮਿਲਣ ਪਿੱਛੇ ਸਭ ਤੋਂ ਵੱਡਾ ਕਾਰਨ ਨਿਰਯਾਤ ਮੰਗ ਦੇ ਨਾਲ ਪੁਰਾਣੇ ਸਟਾਕ ਦੀ ਕਮੀ ਨੂੰ ਮੰਨਿਆ ਜਾ ਰਿਹਾ ਹੈ। ਪਿਛਲੇ ਸੀਜ਼ਨ ਵਿਚ ਮੌਸਮੀ ਨੁਕਸਾਨ ਕਾਰਨ ਪੁਰਾਣੇ ਬਾਸਮਤੀ ਸਟਾਕ ਦੀ ਉਪਲਬਧਤਾ ਘੱਟ ਰਹੀ, ਜਿਸ ਕਾਰਨ ਨਵੀਂ ਫ਼ਸਲ ਦੀ ਆਮਦ ਸ਼ੁਰੂ ਹੋਣ ਸਮੇਂ ਮਿੱਲਰਾਂ ਤੇ ਨਿਰਯਾਤਕਾਰਾਂ ਵਿਚ ਚੰਗੀ ਗੁਣਵੱਤਾ ਵਾਲੀ 1509 ਦੀ ਖਰੀਦ ਲਈ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਵਪਾਰਕ ਰਿਪੋਰਟਾਂ ਵਿਚ ਵੀ ਪੁਰਾਣੇ ਸਟਾਕ ਦੀ ਕਮੀ ਅਤੇ ਮਜ਼ਬੂਤ ਮਿੱਲ ਤੇ ਨਿਰਯਾਤ ਮੰਗ ਨੂੰ ਬਾਸਮਤੀ ਦੇ ਭਾਅ ਵਿਚ ਤੇਜ਼ੀ ਦਾ ਮੁੱਖ ਕਾਰਨ ਦੱਸਿਆ ਗਿਆ ਹੈ। ਰਾਜ ਪੱਧਰੀ ਸਨਮਾਨ ਪ੍ਰਾਪਤ ਕਿਸਾਨ ਰਾਜਮੋਹਨ ਸਿੰਘ ਕਲੇਕਾ ਨੇ ਕਿਹਾ ਕਿ ਬਾਸਮਤੀ ਦਾ ਚੰਗਾ ਭਾਅ ਮਿਲਣਾ ਕਿਸਾਨਾਂ ਲਈ ਰਾਹਤ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨੇ ਫ਼ਸਲ ਪੈਦਾ ਕਰਨ ਲਈ ਮਹਿੰਗੀ ਖਾਦ, ਦਵਾਈ, ਡੀਜ਼ਲ ਤੇ ਮਜ਼ਦੂਰੀ ਦਾ ਖਰਚਾ ਕੀਤਾ ਹੈ ਅਤੇ ਜਦੋਂ ਮੰਡੀ ਵਿਚ ਮਿਹਨਤ ਦਾ ਵਧੀਆ ਮੁੱਲ ਮਿਲਦਾ ਹੈ ਤਾਂ ਕਿਸਾਨ ਦਾ ਹੌਸਲਾ ਵਧਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਬਾਸਮਤੀ ਦੀ ਵਿਦੇਸ਼ੀ ਮੰਗ ਮਜ਼ਬੂਤ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਭਾਅ ਨੂੰ ਹੋਰ ਸਹਾਰਾ ਮਿਲ ਸਕਦਾ ਹੈ। ਕਿਸਾਨ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ 1509 ਦੀ ਖਾਸੀਅਤ ਇਸ ਦਾ ਛੋਟਾ ਫ਼ਸਲੀ ਸਮਾਂ ਵੀ ਹੈ, ਜਿਸ ਕਾਰਨ ਫ਼ਸਲ ਸਮੇਂ ਸਿਰ ਮੰਡੀ ਵਿਚ ਆ ਜਾਂਦੀ ਹੈ ਅਤੇ ਅਗਲੀ ਕਣਕ ਦੀ ਬਿਜਾਈ ਲਈ ਖੇਤ ਤਿਆਰ ਕਰਨ ਦਾ ਸਮਾਂ ਮਿਲ ਜਾਂਦਾ ਹੈ। ਇਸ ਵਾਰ ਚੰਗੇ ਭਾਅ ਨੇ ਇਸ ਕਿਸਮ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀਆਂ ਉਮੀਦਾਂ ਹੋਰ ਵਧਾ ਦਿੱਤੀਆਂ ਹਨ। ਹਰਿਆਣਾ ਗੁਹਲਾ ਚੀਕਾ ਵਾਸੀ ਕਿਸਾਨ ਗੁਰਤੇਜ ਸਿੰਘ ਨੇ ਕਿਹਾ ਕਿ 1509 ਨੂੰ ਚੰਗੇ ਭਾਅ ਮਿਲ ਰਿਹਾ ਹੈ ਓਹਨਾ ਕਿਹਾ ਕਿ ਸਤੰਬਰ ਦੇ ਅਖੀਰ ਵਿਚ ਹਰਿਆਣਾ ਦੀ ਪੁੰਡਰੀ ਮੰਡੀ ਵਿਚ 1509 ਦਾ ਭਾਅ 4350 ਰੁਪਏ ਪ੍ਰਤੀ ਕੁਇੰਟਲ ਤੱਕ ਦਰਜ ਹੋਇਆ ਸੀ ਅਤੇ ਕਈ ਹੋਰ ਮੰਡੀਆਂ ਵਿਚ ਵੀ ਭਾਅ 4000 ਰੁਪਏ ਤੋਂ ਉੱਪਰ ਰਹੇ। ਵਪਾਰਕ ਹਲਕਿਆਂ ਨੇ ਇਸ ਨੂੰ ਭਾਰਤੀ ਬਾਸਮਤੀ ਦੀ ਨਿਰਯਾਤ ਮੰਗ ਵਿਚ ਆ ਰਹੀ ਮਜ਼ਬੂਤੀ ਨਾਲ ਜੋੜਿਆ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਨਿਰਯਾਤ ਦੀ ਮੰਗ ਇਸੇ ਤਰ੍ਹਾਂ ਬਣੀ ਰਹਿੰਦੀ ਹੈ ਅਤੇ ਮਿੱਲਰਾਂ ਤੇ ਵਪਾਰੀਆਂ ਦੀ ਖਰੀਦ ਜਾਰੀ ਰਹਿੰਦੀ ਹੈ ਤਾਂ ਬਾਸਮਤੀ ਦੇ ਭਾਅ ਨੂੰ ਮਜ਼ਬੂਤੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਫ਼ਸਲ ਦਾ ਚੰਗਾ ਭਾਅ ਹੀ ਕਿਸਾਨ ਦੀ ਮਿਹਨਤ ਦਾ ਅਸਲ ਹੌਸਲਾ ਹੁੰਦਾ ਹੈ।
ਪਿਛਲੀ ਖ਼ਬਰ ਬਾਹਰਾ ਕਾਲਜ ਆਫ਼ ਲਾਅ ਵਿਖੇ ਦੋ ਦਿਨਾ ਇੰਟਰ-ਕਾਲਜ ਸ਼ਤਰੰਜ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਸ਼ਹਿਰ ਵਾਸੀਆਂ ਨੇ ਪ੍ਰਾਪਰਟੀ ਟੈਕਸ ਦੇ 5.31 ਕਰੋੜ ਭਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।