07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਜੀ.ਬੀ. ਇੰਟਰਨੈਸ਼ਨਲ ਸਕੂਲ ’ਚ ਦੀਵਾਲੀ ਦੀ ਰੌਣਕ ਨੇ ਬੰਨ੍ਹਿਆ ਸਮਾਂ

ਨਾਭਾ, 6 ਨਵੰਬਰ (ਵਰਿੰਦਰ ਵਰਮਾ)-ਨਾਭਾ ਸਥਿਤ ਜੀ. ਬੀ.

ਜੀ.ਬੀ. ਇੰਟਰਨੈਸ਼ਨਲ ਸਕੂਲ ਨਾਭਾ ਵਿਖੇ ਬੰਦੀ ਛੋੜ ਦਿਵਸ ਮੌਕੇ ਵਿਦਿਆਰਥੀ ਮਿੱਠੇ ਗੀਤਾਂ ਦੀਆਂ ਸੁੰਦਰ ਪੇਸ਼ਕਾਰੀਆਂ ਪੇਸ਼ ਕਰਦੇ ਹੋਏ। ਤਸਵੀਰ : ਵਰਿੰਦਰ ਵਰਮਾ 07-11-2026
ਨਾਭਾ, 6 ਨਵੰਬਰ (ਵਰਿੰਦਰ ਵਰਮਾ)-ਨਾਭਾ ਸਥਿਤ ਜੀ.ਬੀ. ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ, ਖ਼ੁਸ਼ੀ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਅਤੇ ਰਚਨਾਤਮਕ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਦੀਵਾਲੀ ਦੇ ਮਹੱਤਵ ਅਤੇ ਇਸ ਨਾਲ ਜੁੜੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਦਰਸਾਉਂਦੇ ਹੋਏ ਦੀਪ ਜਗਾ ਕੇ ਕੀਤੀ ਗਈ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਮਨਮੋਹਕ ਸੰਗੀਤਕ ਪੇਸ਼ਕਾਰੀਆਂ, ਰੰਗਾਰੰਗ ਨਾਚ, ਕਵਿਤਾ ਉਚਾਰਨ ਅਤੇ ਨਾਟਕ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿੱਥੇ ਇੱਕ ਪਾਸੇ ਵਿਦਿਆਰਥੀਆਂ ਨੇ ‘ਬੰਦੀ ਛੋੜ ਦਿਵਸ’ ਦੇ ਪਵਿੱਤਰ ਮੌਕੇ ‘ਤੇ ਮਿੱਠੇ ਗੀਤਾਂ ਦੀਆਂ ਸੁੰਦਰ ਪੇਸ਼ਕਾਰੀਆਂ ਰਾਹੀਂ ਮਾਹੌਲ ਨੂੰ ਭਗਤੀਮਈ ਬਣਾਇਆ, ਉੱਥੇ ਹੀ ਦੂਜੇ ਪਾਸੇ ਨਾਟਕ ਰਾਹੀਂ ਇਹ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਮਾਤਾ ਕੈਕਈ ਨੇ ਆਪਣੇ ਸਿਰ ‘ਤੇ ਕਲੰਕ ਲੈਂਦਿਆਂ ਭਗਵਾਨ ਸ੍ਰੀ ਰਾਮ ਦੇ ਚੌਦਾਂ ਸਾਲਾਂ ਦੇ ਬਣਵਾਸ ਦਾ ਰਾਹ ਪੱਧਰਾ ਕੀਤਾ, ਪਰ ਇਤਿਹਾਸ ਵਿੱਚ ਉਨ੍ਹਾਂ ਨੂੰ ਅਕਸਰ ਨਕਾਰਾਤਮਕ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਇਸ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਇਹ ਸੰਦੇਸ਼ ਦਿੱਤਾ ਕਿ ਕਿਸੇ ਵੀ ਪਾਤਰ ਦਾ ਮੁਲਾਂਕਣ ਸਿਰਫ਼ ਪ੍ਰਚਲਿਤ ਧਾਰਨਾਵਾਂ ਦੇ ਆਧਾਰ ‘ਤੇ ਨਹੀਂ ਕਰਨਾ ਚਾਹੀਦਾ, ਸਗੋਂ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣਾ ਵੀ ਜ਼ਰੂਰੀ ਹੈ। ਇਸ ਮੌਕੇ ਵਿਦਿਆਰਥੀਆਂ ਲਈ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਵੀ ਕੀਤਾ ਗਿਆ, ਜਿਨ੍ਹਾਂ ਵਿੱਚ ‘ਦੀਵਾ ਪੇਂਟਿੰਗ’, ‘ਤੋਰਨ ਮੇਕਿੰਗ’, ‘ਸ਼ੁਭ-ਲਾਭ ਹੈਂਗਿੰਗ’ ਅਤੇ ‘ਬੈਸਟ ਆਊਟ ਆਫ਼ ਵੇਸਟ’ ਦੀਆਂ ਵਸਤੂਆਂ ਤਿਆਰ ਕਰਨ ਦੇ ਮੁਕਾਬਲੇ ਪ੍ਰਮੁੱਖ ਸਨ। ਵਿਦਿਆਰਥੀਆਂ ਨੇ ਆਪਣੀ ਸਿਰਜਣਾਤਮਕ ਸੋਚ ਦਾ ਪ੍ਰਗਟਾਵਾ ਕਰਦਿਆਂ ਸੁੰਦਰ ਅਤੇ ਆਕਰਸ਼ਕ ਕਲਾਕ੍ਰਿਤੀਆਂ ਤਿਆਰ ਕੀਤੀਆਂ। ਇਸ ਦੇ ਨਾਲ ਹੀ ਇੰਟਰ-ਹਾਊਸ ਰੰਗੋਲੀ ਮੁਕਾਬਲੇ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਹਾਊਸ ਦੇ ਵਿਦਿਆਰਥੀਆਂ ਨੇ ਰੰਗਾਂ ਅਤੇ ਮਨਮੋਹਕ ਡਿਜ਼ਾਈਨਾਂ ਰਾਹੀਂ ਤਿਉਹਾਰ ਦੇ ਮਾਹੌਲ ਨੂੰ ਹੋਰ ਵੀ ਰੰਗੀਨ ਅਤੇ ਆਕਰਸ਼ਕ ਬਣਾ ਦਿੱਤਾ। ਇਸ ਮੁਕਾਬਲੇ ਵਿੱਚ ਮਾਰਸ ਹਾਊਸ ਨੇ ਪਹਿਲਾ, ਅਰਥ ਹਾਊਸ ਨੇ ਦੂਜਾ, ਜਦਕਿ ਵੀਨਸ ਹਾਊਸ ਅਤੇ ਨੈਪਚੂਨ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਲਈ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਭਾਗ ਲਿਆ। ਜੂਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ ਵੀ ਕੱਢੀ ਗਈ, ਜਿਸ ਰਾਹੀਂ ਪਟਾਕਿਆਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਬਾਰੇ ਲੋਕਾਂ ਨੂੰ ਜਾਗਰੂਕ ਕਰਦਿਆਂ ਗਰੀਨ ਦਿਵਾਲੀ ਮਨਾਉਣ ਅਤੇ ਵਾਤਾਵਰਨ ਦੀ ਸੰਭਾਲ ਕਰਨ ਦਾ ਸੰਦੇਸ਼ ਦਿੱਤਾ ਗਿਆ। ਸਕੂਲ ਦੀ ਪ੍ਰਿੰਸੀਪਲ ਡਾ. ਇੰਦਰਜੀਤਪਾਲ ਕੌਰ ਗਰੇਵਾਲ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਿਵਾਲੀ ਸਿਰਫ਼ ਦੀਵੇ ਜਗਾਉਣ ਦਾ ਤਿਉਹਾਰ ਨਹੀਂ, ਸਗੋਂ ਆਪਣੇ ਅੰਦਰ ਗਿਆਨ, ਸਦਭਾਵਨਾ ਅਤੇ ਚੰਗੇ ਵਿਚਾਰਾਂ ਦਾ ਚਾਨਣ ਫੈਲਾਉਣ ਦਾ ਵੀ ਇੱਕ ਸੁਨਹਿਰੀ ਮੌਕਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਦੀਵਾਲੀ ਦਾ ਤਿਉਹਾਰ ਵਾਤਾਵਰਨ-ਅਨੁਕੂਲ ਅਤੇ ਸੁਰੱਖਿਅਤ ਢੰਗ ਨਾਲ ਮਨਾਉਣ ਦੇ ਨਾਲ-ਨਾਲ ਆਪਣੀ ਸੰਸਕ੍ਰਿਤੀ ਅਤੇ ਮਾਨਵੀ ਕਦਰਾਂ-ਕੀਮਤਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਸੰਘੋਲ ਵਿਖੇ ਵਿਸ਼ਵਕਰਮਾ ਦਿਵਸ 11 ਨੂੰ ਮਨਾਇਆ ਜਾਵੇਗਾ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਮੁਤਾਬਕ ਹਲਕਾ ਸਨੌਰ ’ਚ ਪੈਂਦੀ ਵਾਰਡ ਨੰਬਰ 15 ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।