10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਗੈਰ-ਮਿਆਰੀ ਮਟੀਰੀਅਲ ਨਾਲ ਬਣੀ ਸੜਕ ਬਿਸਕੁੱਟ ਵਾਂਗ ਭੁਰਨ ਲੱਗੀ

ਅਜੀਤ ਡੈਸਕ 04-03-2026
ਗਿੱਦੜਬਾਹਾ, 3 ਮਾਰਚ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਬਾਈਪਾਸ ਤੋਂ ਥਰਾਜਵਾਲਾ ਸੰਪਰਕ ਸੜਕ ਨੂੰ ਜੋੜਨ ਵਾਲੀ ਸੜਕ ਬਿਸਕੁਟ ਵਾਗ ਭੁਰਦੀ ਰਹੀ, ਪਰ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਵਿਭਾਗੀ ਕਾਰਵਾਈ ਕਰਨ ਦੀ ਬਜਾਏ ਸੜਕ 'ਤੇ ਕੱਚੇ ਪੈਂਚਰ ਲਗਾ ਕੇ ਬੁੱਤਾ ਸਾਰਿਆ ਜਾਂਦਾ ਰਿਹਾ ਹੈ | ਜ਼ਿਕਰਯੋਗ ਹੈ ਕਿ ਕੁਝ ਕਿਸਾਨਾਂ ਵਲੋਂ ਗਿੱਦੜਬਾਹਾ ਬਾਈਪਾਸ 'ਤੇ ਰੇਲਵੇ ਫਾਟਕ ਤੋਂ ਥਰਾਜਵਾਲਾ ਲਿੰਕ ਸੜਕ ਨੂੰ ਮਿਲਾਉਂਦੀ ਸੜਕ ਤੱਕ ਸਿੰਜਾਈ ਲਈ ਸੜਕ ਦੇ ਵਿਚਕਾਰ ਜਮੀਨਦੋਜ਼ ਪਾਈਪਾਂ ਪਾਈਆਂ ਗਈਆਂ ਹਨ | ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਸੜਕ ਨਿਰਮਾਣ ਦੀ ਬਣਦੀ ਰਾਸ਼ੀ ਭਰਵਾ ਕੇ ਪਾਈਪਾਂ ਪਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ | ਵਿਭਾਗ ਵਲੋਂ ਉਕਤ ਜਗ੍ਹਾ 'ਤੇ ਸੜਕ ਦਾ ਨਿਰਮਾਣ 2 ਕੁ ਸਾਲ ਪਹਿਲਾਂ ਕੀਤਾ ਗਿਆ, ਪਰ ਅਸਚਰਜ ਦੀ ਗੱਲ ਇਹ ਹੈ ਕਿ ਉਕਤ ਸੜਕ ਦੇ ਨਿਰਮਾਣ ਤੋਂ 15 ਦਿਨਾਂ ਬਾਅਦ ਹੀ ਸੜਕ ਥਾਂ-ਥਾਂ ਤੋਂ ਭੁਰਨ ਲੱਗ ਪਈ ਤੇ ਖੱਡੇ ਪੈਣ ਲੱਗ ਗਏ | 'ਅਜੀਤ' ਵਲੋਂ ਮਾਮਲਾ ਪ੍ਰਮੁੱਖਤਾ ਨਾਲ ਉਠਾਉਣ ਉਪਰੰਤ ਵਿਭਾਗ ਨੇ ਫ਼ਰਾਕਦਿਲੀ ਦਿਖਾਉਂਦਿਆਂ ਵਿਭਾਗੀ ਕਾਰਵਾਈ ਕਰਨ ਦੀ ਬਜਾਏ ਕੱਚੇ ਪੈਂਚਰ ਲਗਾ ਦਿੱਤੇ ਗਏ | ਦੁਖਦਾਈ ਪਹਿਲੂ ਇਹ ਹੈ ਕਿ ਤਦ ਤੋਂ ਹੀ ਦੋ-ਚਾਰ ਮਹੀਨਿਆਂ ਬਾਅਦ ਸੜਕ ਥਾਂ-ਥਾਂ ਤੋਂ ਟੁੱਟਦੀ ਰਹੀ ਤੇ ਕੱਚੇ ਪੈਂਚਰ ਲਗਦੇ ਆ ਰਹੇ ਹਨ | ਅਨੇਕਾਂ ਥਾਵਾਂ ਤੋਂ ਜਮੀਨਦੋਜ਼ ਪਾਈਪਾਂ ਦਾ ਪਾਣੀ ਲੀਕ ਹੋ ਰਿਹਾ ਹੈ, ਪਰ ਵਿਭਾਗ ਵਲੋਂ ਨਾ ਤਾਂ ਕੋਈ ਕਾਰਵਾਈ ਕੀਤੀ ਗਈ ਤੇ ਨਾ ਹੀ ਪਾਈਪਾਂ ਦਾ ਪਾਣੀ ਲੀਕ ਹੋਣ ਤੋਂ ਰੋਕਿਆ ਗਿਆ | ਇਹ ਸਿਲਸਿਲਾ ਹੁਣ ਲਗਾਤਾਰ ਹੀ ਅਕਸਰ ਲੰਬਾ ਸਮਾਂ ਚੱਲਦਾ ਰਹੇਗਾ ਤੇ ਇੱਥੋਂ ਲੰਘਣ ਵਾਲੇ ਆਮ ਰਾਹਗੀਰਾਂ ਨੂੰ ਵਿਭਾਗ ਦੀ ਅਣਗਹਿਲੀ ਦੀ ਪ੍ਰੇਸ਼ਾਨੀ ਝੱਲਣੀ ਪਵੇਗੀ | ਪਿੰਡ ਥਰਾਜਵਾਲਾ ਤੇ ਫਕਰਸਰ ਦੇ ਕਿਸਾਨ ਆਪਣੇ ਖੇਤਾਂ 'ਚ ਰੋਜ਼ਾਨਾ ਕੰਮਕਾਰ ਲਈ ਆਉਂਦੇ ਹਨ ਤੇ ਪ੍ਰੇਸ਼ਾਨ ਹੋ ਰਹੇ ਹਨ | ਉਨ੍ਹਾਂ ਦੀ ਮੰਗ ਹੈ ਕਿ ਸੰਬੰਧਿਤ ਕਰਮਚਾਰੀਆਂ 'ਤੇ ਬਣਦੀ ਵਿਭਾਗੀ ਕਾਰਵਾਈ ਕਰਕੇ ਸੜਕ ਨੂੰ ਪੱਕੇ ਤੌਰ 'ਤੇ ਦਰੁਸਤ ਕੀਤੀ ਜਾਵੇ |
ਪਿਛਲੀ ਖ਼ਬਰ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਭਵਨ ਵਿਖੇ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਮਨਾਇਆ ਅਗਲੀ ਖ਼ਬਰ ਕੱਚੇ ਪੈਂਚਰ ਲਗਾ ਕੇ ਸਾਰਿਆ ਜਾਂਦੈ ਬੁੱਤਾ ਗੈਰ-ਮਿਆਰੀ ਮਟੀਰੀਅਲ ਨਾਲ ਬਣੀ ਸੜਕ ਬਿਸਕੁੱਟ ਵਾਂਗ ਭੁਰਨ ਲੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।