29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਬੁਲਡੋਜ਼ਰ ਚਲਾ ਕੇ ਪੁੱਟੇ 8 ਸਾਲ ਪੁਰਾਣੇ ਦਰੱਖ਼ਤਾਂ ਕਾਰਨ ਵਾਤਾਵਰਨ ਪ੍ਰੇਮੀਆਂ 'ਚ ਭਾਰੀ ਰੋਸ

ਅਜੀਤ ਡੈਸਕ 08-06-2026
ਮਲੋਟ, 7 ਜੂਨ (ਪਾਟਿਲ)-ਮਲੋਟ ਦੇ ਜੀ.ਟੀ. ਰੋਡ 'ਤੇ ਬੀਤੇ ਦਿਨ ਪ੍ਰਸ਼ਾਸਨ ਅਤੇ ਠੇਕੇਦਾਰ ਦੀ ਕਥਿਤ ਲਾਪ੍ਰਵਾਹੀ ਕਾਰਨ ਹਰੇ-ਭਰੇ ਜੀ.ਟੀ. ਰੋਡ ਨੂੰ ਉਜਾੜਦਿਆਂ ਬੁਲਡੋਜ਼ਰ ਨਾਲ ਕਈ ਸਾਲ ਪੁਰਾਣੇ ਦਰੱਖ਼ਤ ਪੁੱਟ ਦਿੱਤੇ ਗਏ | ਇਸ ਘਟਨਾ ਕਾਰਨ ਸ਼ਹਿਰ ਦੇ ਵਾਤਾਵਰਨ ਪ੍ਰੇਮੀਆਂ ਤੇ ਸਮਾਜ ਸੇਵੀ ਸੰਸਥਾਵਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਸੋਸ਼ਲ ਵੈੱਲਫ਼ੇਅਰ ਐਸੋਸੀਏਸ਼ਨ ਦੇ ਗੁਰਸ਼ਮਿੰਦਰ ਸਿੰਘ, ਸਮਾਜ ਸੇਵੀ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਅਤੇ ਸਮੂਹ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਸ਼ਾਸਨਿਕ ਕਾਰਵਾਈ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ | ਸਮਾਜ ਸੇਵੀਆਂ ਨੇ ਦੱਸਿਆ ਕਿ ਸਾਲ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਲੋਟ ਸ਼ਹਿਰ ਦੀ ਜੀ.ਟੀ. ਰੋਡ 'ਤੇ ਪੂਰੀ ਸ਼ਰਧਾ ਨਾਲ ਇਹ ਪੌਦੇ ਲਗਾਏ ਗਏ ਸਨ | ਅੱਜ ਕਰੀਬ 8 ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਇਹ ਬੂਟੇ 15-15 ਫ਼ੁੱਟ ਉਚੇ ਦਰੱਖ਼ਤ ਬਣ ਚੁੱਕੇ ਸਨ | ਜਿੱਥੇ ਪੂਰੀ ਦੁਨੀਆ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾ ਕੇ ਨਵੇਂ ਬੂਟੇ ਲਾ ਰਹੀ ਹੈ, ਉੱਥੇ ਮਲੋਟ ਵਿਚ ਹਰੇ-ਭਰੇ ਦਰੱਖ਼ਤਾਂ ਨੂੰ ਪੁੱਟ ਕੇ ਸੁੱਟਣਾ ਬਹੁਤ ਹੀ ਮੰਦਭਾਗਾ ਹੈ | ਵਾਤਾਵਰਨ ਪ੍ਰੇਮੀਆਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਨ੍ਹਾਂ ਬੂਟਿਆਂ ਨੂੰ ਹਰਾ-ਭਰਾ ਕਰਨ ਲਈ ਕਿਸੇ ਇਕ ਵਿਅਕਤੀ ਨੇ ਨਹੀਂ, ਬਲਕਿ ਮਲੋਟ ਸ਼ਹਿਰ ਦੇ ਹਰ ਨਾਗਰਿਕ, ਬੱਚੇ ਅਤੇ ਸਮਾਜ ਸੇਵੀ ਨੇ ਆਪੋ-ਆਪਣਾ ਯੋਗਦਾਨ ਪਾਇਆ ਸੀ | ਲੋਕਾਂ ਨੇ ਆਪਣੇ ਕੰਮਕਾਰ ਛੱਡ ਕੇ ਇੱਥੇ ਹੱਥੀਂ ਬੂਟੇ ਲਾਏ, ਅੰਡਰ ਗਰਾਊਾਡ ਪਾਈਪ ਲਾਈਨ ਵਿਛਾਈ, ਖ਼ਾਦ ਪਾਈ ਅਤੇ ਪਾਣੀ ਦੇ ਕੇ ਇਨ੍ਹਾਂ ਨੂੰ ਆਪਣੇ ਪੁੱਤਾਂ ਵਾਂਗ ਪਾਲਿਆ ਸੀ, ਪਰ ਮਹਿਜ਼ 5 ਮਿੰਟਾਂ ਵਿਚ 8 ਤੋਂ 10 ਵੱਡੇ ਦਰੱਖ਼ਤ ਪੁੱਟ ਸੁੱਟੇ ਗਏ ਜੋ ਕਿ ਇਕ ਕਤਲ ਦੇ ਬਰਾਬਰ ਹੈ | ਇਸ ਤੋਂ ਇਲਾਵਾ ਸੁੰਦਰ ਵੇਲਾਂ ਨੂੰ ਵੀ ਸਾੜ ਕੇ ਸੁਆਹ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਤੇ ਸਰਕਾਰ ਵਲੋਂ ਵਾਲੀਬਾਲ ਅਤੇ ਬਾਸਕਟਬਾਲ ਦਾ ਗਰਾਊਾਡ ਬਣਾਇਆ ਜਾਣਾ ਹੈ | ਸਮਾਜ ਸੇਵੀਆਂ ਨੇ ਸਪੱਸ਼ਟ ਕੀਤਾ ਕਿ ਉਹ ਸ਼ਹਿਰ ਵਿਚ ਖੇਡ ਮੈਦਾਨ ਬਣਾਉਣ ਦੇ ਖ਼ਿਲਾਫ਼ ਬਿਲਕੁਲ ਨਹੀਂ ਹਨ, ਪਰ ਜੀ.ਟੀ. ਰੋਡ 'ਤੇ ਲੱਗੇ ਸਾਲਾਂ ਪੁਰਾਣੇ ਦਰੱਖ਼ਤਾਂ ਦੀ ਬਲੀ ਦੇ ਕੇ ਗਰਾਊਾਡ ਬਣਾਉਣਾ ਕਿੱਥੋਂ ਦੀ ਸਿਆਣਪ ਹੈ? ਇਹ ਬੂਟੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੀਆਂ ਗਾਈਡ ਲਾਈਨਜ਼ ਮੁਤਾਬਕ ਸੜਕ ਤੋਂ 15 ਫ਼ੁੱਟ ਦੀ ਦੂਰੀ 'ਤੇ ਪ੍ਰਦੂਸ਼ਣ ਰੋਕਣ ਲਈ ਲਗਾਏ ਗਏ ਸਨ | ਆਗੂਆਂ ਨੇ ਦੱਸਿਆ ਕਿ ਜਦੋਂ ਇਸ ਸੰਬੰਧੀ ਈ.ਓ. ਅਤੇ ਜੇ.ਈ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਕੋਲ ਗਰਾਊਾਡ ਬਣਾਉਣ ਦਾ ਟੈਂਡਰ ਸੀ ਅਤੇ ਉਸ ਨੇ ਜੇ.ਸੀ.ਬੀ. ਨਾਲ ਇਹ ਬੂਟੇ ਪੁੱਟ ਦਿੱਤੇ, ਜਿਸ 'ਤੇ ਹੁਣ ਕੰਮ ਰੁਕਵਾ ਦਿੱਤਾ ਗਿਆ ਹੈ | ਸਮਾਜ ਸੇਵੀਆਂ ਨੇ ਪ੍ਰਸ਼ਾਸਨ ਦੇ ਇਸ ਤਰਕ ਨੂੰ ਨਕਾਰਦਿਆਂ ਕਿਹਾ ਕਿ ਜਦੋਂ ਕਮੇਟੀ ਵਿਚ ਟੈਂਡਰ ਪਾਸ ਹੁੰਦਾ ਹੈ ਤਾਂ ਪੂਰੀ ਪਲੈਨਿੰਗ ਬਣਦੀ ਹੈ | ਕੀ ਨਕਸ਼ਾ ਬਣਾਉਣ ਵੇਲੇ ਅਧਿਕਾਰੀਆਂ ਨੂੰ ਇਹ ਹਰੇ-ਭਰੇ ਦਰੱਖ਼ਤ ਦਿਖਾਈ ਨਹੀਂ ਦਿੱਤੇ? ਉਨ੍ਹਾਂ ਆਖਿਆ ਕਿ ਪਹਿਲਾਂ ਕਿਸੇ ਦਾ ਕਤਲ ਕਰ ਦੇਣਾ ਅਤੇ ਬਾਅਦ ਵਿਚ ਗ਼ਲਤੀ ਹੋ ਗਈ ਕਹਿ ਕੇ ਪੱਲਾ ਝਾੜ ਲੈਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਵਾਤਾਵਰਨ ਪ੍ਰੇਮੀਆਂ ਨੇ ਮੰਗ ਕੀਤੀ ਕਿ ਦਰੱਖ਼ਤਾਂ ਦੀ ਸੰਭਾਲ ਅਤੇ ਰੱਖ-ਰਖਾਅ ਦੀ ਜ਼ਿੰਮੇਵਾਰੀ ਮਿਊਾਸੀਪਲ ਕਮੇਟੀ ਦੀ ਹੁੰਦੀ ਹੈ, ਇਸ ਲਈ ਇਸ ਘਿਨੌਣੇ ਕਾਰੇ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਪੁਲਿਸ ਤੇ ਪੰਚਾਇਤ ਦੀ ਹੋਈ ਅਹਿਮ ਮੀਟਿੰਗ, ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ <br/> ਅਗਲੀ ਖ਼ਬਰ ਪਿੰਡ ਭਲਾਈਆਣਾ ਵਿਖੇ ਕਈ ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।