ਗਿੱਦੜਬਾਹਾ, 7 ਜੂਨ (ਸ਼ਿਵਰਾਜ ਸਿੰਘ ਬਰਾੜ)-ਸਿਟੀ ਮੌਂਟੈਨਸਰੀ ਸਕੂਲ ਗਿੱਦੜਬਾਹਾ ਦੇ ਵਿਦਿਆਰਥੀਆਂ ਵਲੋਂ ਰਾਜ ਪੱਧਰੀ ਮੁਕਾਬਲਿਆਂ 'ਚ ਵਧੀਆ ਪੁਜ਼ੀਸ਼ਨਾਂ ਹਾਸਿਲ ਕਰਦਿਆਂ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਪਹੁੰਚਣ 'ਤੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਪ੍ਰਬੰਧਕ ਸੱਤਪਾਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਉਚ ਪੱਧਰੀ ਮਿਆਰੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ | ਸਮੇਂ-ਸਮੇਂ 'ਤੇ ਉਨ੍ਹਾਂ ਦੇ ਬੱਚੇ ਵੱਖ-ਵੱਖ ਖੇਤਰ ਵਿਚ ਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਕਰ ਚੁੱਕੇ ਹਨ | ਉਨ੍ਹਾ ਦੱਸਿਆ ਕਿ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸੂਬਾ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਕਰਾਟੇ ਐਸੋਸੀਏਸ਼ਨ ਪੰਜਾਬ ਦੁਆਰਾ ਰਾਜ ਪੱਧਰੀ ਕਰਾਟੇ ਟੂਰਨਾਮੈਂਟ ਕਰਵਾਇਆ ਗਿਆ ਸੀ, ਜਿਸ ਵਿਚ ਰਾਜ ਭਰ ਤੋਂ 600 ਬੱਚਿਆਂ ਨੇ ਹਿੱਸਾ ਲਿਆ | ਜਿਸ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚੋਂ ਉਨ੍ਹਾਂ ਦੇ ਸਕੂਲ ਦੇ 8 ਤੇ 9 ਸਾਲ ਵਰਗ ਦੇ ਚਾਰ ਬੱਚਿਆਂ ਨੇ ਹਿੱਸਾ ਲਿਆ | ਇਸ ਦੌਰਾਨ 9 ਸਾਲ ਉਮਰ ਵਰਗ ਵਿਚ ਪ੍ਰਭਜੋਤ ਕੌਰ ਨੇ ਦੂਜਾ, 8 ਸਾਲ ਉਮਰ ਵਰਗ ਵਿਚ ਜਸਨੂਰ ਸਿੰਘ, ਗੁਰਫਤਿਹ ਸਿੰਘ, ਅਨੂਪਮ ਨੇ ਤੀਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸ੍ਰੀ ਸ਼ਰਮਾ ਨੇ ਦੱਸਿਆ ਕਿ ਕੋਚ ਸਿਮਰਜੀਤ ਸਿੰਘ ਵਲੋਂ ਕਰਵਾਈ ਗਈ ਲਗਨ ਨਾਲ ਸਖ਼ਤ ਮਿਹਨਤ ਸਦਕਾ ਹੀ ਇਹ ਪ੍ਰਾਪਤੀ ਹਾਸਿਲ ਹੋਈ ਹੈ | ਇਸ ਮੌਕੇ ਪਿ੍ੰਸੀਪਲ ਕਮਲੇਸ਼ ਸ਼ਰਮਾ, ਕੁਸਮ ਸ਼ਰਮਾ, ਸ਼ਮਿੰਦਰ ਕੌਰ, ਕੋਚ ਸਿਮਰਜੀਤ ਸਿੰਘ, ਟੀਮ ਇਚਾਰਜ ਰਮਨਦੀਪ ਕੌਰ ਸਮੇਤ ਸਮੂਹ ਸਟਾਫ਼ ਵਲੋਂ ਬੱਚਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਲਈ ਕਾਮਨਾ ਕੀਤੀ ਗਈ |