ਬਾਘਾ ਪੁਰਾਣਾ, 7 ਜੂਨ (ਟਿੰਕੂ ਕਾਠਪਾਲ)-ਸਮਾਜ ਸੇਵਾ ਦੇ ਖੇਤਰ ਵਿਚ ਇਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਐਨ.ਆਰ.ਆਈ. ਪੇ੍ਰਮ ਨਾਥ ਗਰਗ ਪਰਿਵਾਰ ਵਲੋਂ ਲਾਈਫ਼ ਵੈੱਲਫੇਅਰ ਕਲੱਬ ਰਜਿ: ਬਾਘਾ ਪੁਰਾਣਾ ਨੂੰ ਇਕ ਆਧੁਨਿਕ ਐਂਬੂਲੈਂਸ ਖ਼ਰੀਦਣ ਲਈ 10 ਲੱਖ ਰੁਪਏ ਦੀ ਰਾਸ਼ੀ ਦਾਨ ਵਜੋਂ ਭੇਟ ਕੀਤੀ ਗਈ | ਇਸ ਸਬੰਧੀ ਇਕ ਵਿਸ਼ੇਸ਼ ਸਮਾਗਮ ਸਥਾਨਕ ਸ਼ਿਵ ਮੰਦਰ ਧਰਮਸ਼ਾਲਾ, ਮੋਗਾ ਰੋਡ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿਚ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ | ਸਮਾਗਮ ਦੌਰਾਨ ਪੇ੍ਰਮ ਨਾਥ ਗਰਗ ਪਰਿਵਾਰ ਵਲੋਂ ਨਵੀਂ ਖਰੀਦੀ ਗਈ ਆਧੁਨਿਕ ਐਂਬੂਲੈਂਸ ਦੀਆਂ ਚਾਬੀਆਂ ਲਾਈਫ਼ ਵੈੱਲਫੇਅਰ ਕਲੱਬ ਦੇ ਪ੍ਰਧਾਨ ਰਮਨਦੀਪ ਅਰੋੜਾ ਨੂੰ ਸੌਂਪੀਆਂ ਗਈਆਂ | ਇਸ ਮੌਕੇ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਪ੍ਰਧਾਨ ਬਲਵਿੰਦਰ ਗਰਗ, ਜ਼ਿਲ੍ਹਾ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਸ਼ਰਮਾ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਗੁਰਜੰਟ ਸਿੰਘ ਧਾਲੀਵਾਲ, ਯੂਥ ਅਗਰਵਾਲ ਸਭਾ ਦੇ ਚੇਅਰਮੈਨ ਪਵਨ ਗੋਇਲ, ਪ੍ਰਧਾਨ ਅਮਿਤ ਅਗਰਵਾਲ, ਕੌਂਸਲਰ ਗੁਰਪ੍ਰੀਤ ਮਨਚੰਦਾ, ਕੌਂਸਲਰ ਤਰੁਣ ਮਿੱਤਲ, ਮਨਦੀਪ ਕੱਕੜ ਕੌਂਸਲਰ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਰਹੀਆਂ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਰਮਨਦੀਪ ਅਰੋੜਾ ਨੇ ਕਿਹਾ ਕਿ ਲਾਈਫ਼ ਵੈੱਲਫੇਅਰ ਕਲੱਬ ਵਲੋਂ ਪਿਛਲੇ ਕਈ ਸਾਲਾਂ ਤੋਂ ਇਲਾਕੇ ਵਿਚ ਲੋਕ ਭਲਾਈ ਦੇ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕਲੱਬ ਨੂੰ ਹਮੇਸ਼ਾ ਐਨ.ਆਰ.ਆਈ. ਅਤੇ ਸ਼ਹਿਰ ਨਿਵਾਸੀ, ਦਾਨੀ ਸੱਜਣਾਂ ਦਾ ਭਰਪੂਰ ਸਹਿਯੋਗ ਮਿਲਦਾ ਰਿਹਾ ਹੈ, ਜਿਸ ਸਦਕਾ ਸਮਾਜ ਸੇਵਾ ਦੇ ਕਾਰਜ ਲਗਾਤਾਰ ਜਾਰੀ ਹਨ | ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਇਕ ਆਧੁਨਿਕ ਐਂਬੂਲੈਂਸ ਦੀ ਲੰਮੇ ਸਮੇਂ ਤੋਂ ਲੋੜ ਮਹਿਸੂਸ ਕੀਤੀ ਜਾ ਰਹੀ ਸੀ | ਇਸ ਲੋੜ ਨੂੰ ਸਮਝਦਿਆਂ ਪੇ੍ਰਮ ਨਾਥ ਗਰਗ ਪਰਿਵਾਰ ਨੇ 10 ਲੱਖ ਰੁਪਏ ਦੀ ਵੱਡੀ ਰਾਸ਼ੀ ਦਾਨ ਕਰਕੇ ਲੋਕ ਸੇਵਾ ਦੇ ਇਸ ਪ੍ਰਾਜੈਕਟ ਨੂੰ ਸਾਕਾਰ ਕੀਤਾ ਹੈ | ਇਸ ਰਾਸ਼ੀ ਨਾਲ ਖਰੀਦੀ ਗਈ ਐਂਬੂਲੈਂਸ ਹੁਣ ਇਲਾਕੇ ਦੇ ਲੋਕਾਂ ਨੂੰ ਐਮਰਜੈਂਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਏਗੀ | ਰਮਨਦੀਪ ਅਰੋੜਾ ਨੇ ਭਰੋਸਾ ਦਿਵਾਇਆ ਕਿ ਕਲੱਬ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਏਗਾ ਅਤੇ ਬਿਨਾਂ ਕਿਸੇ ਨਿੱਜੀ ਲਾਭ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹੇਗਾ | ਅੰਤ ਵਿਚ ਕਲੱਬ ਦੇ ਅਹੁਦੇਦਾਰਾਂ ਨੇ ਪੇ੍ਰਮ ਨਾਥ ਗਰਗ ਪਰਿਵਾਰ ਅਤੇ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਸ਼ਹਿਰ ਨਿਵਾਸੀ ਅਤੇ ਕਲੱਬ ਮੈਂਬਰ ਮੌਜੂਦ ਰਹੇ ਅਤੇ ਇਸ ਲੋਕ ਭਲਾਈ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ |