ਕੋਟਕਪੂਰਾ, 9 ਜੂਨ (ਮੋਹਰ ਸਿੰਘ ਗਿੱਲ)-ਸਥਾਨਕ ਡੇਰਾ ਦਰਿਆ ਗਿਰੀ ਨਜ਼ਦੀਕ ਵਾਲੇ ਛੱਪੜ ਵਾਲੇ ਰਿਹਾਇਸ਼ੀ ਇਲਾਕੇ ਵਿਚ ਕੂੜਾ ਸੁੱਟੇ ਦੇ ਜਾਣ ਦੇ ਵਿਰੋਧ 'ਚ ਮੁਹੱਲਾ ਦੇ ਜਾਗਰੂਕ ਨਿਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੂੜੇ ਵਾਲੀਆਂ ਟਰਾਲੀਆਂ ਨੂੰ ਵੀ ਰੋਕ ਦਿੱਤਾ ਗਿਆ | ਇਸ ਮੌਕੇ ਵਾਰਡ ਨੰਬਰ : 12 ਦੇ ਕੌਂਸਲਰ ਦਲਜੀਤ ਸਿੰਘ ਗਿੱਲ, ਮਲਕੀਤ ਸਿੰਘ ਮੀਤਾ, ਬੂਟਾ ਸਿੰਘ, ਛਿੰਦਰ ਸਿੰਘ, ਗੁਰਦਿਆਲ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਨਗਰ ਕੌਂਸਲ ਕੋਟਕਪੂਰਾ ਨੇ ਉਕਤ ਜਗ੍ਹਾ 'ਤੇ ਕੂੜਾ ਸੁੱਟਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ, ਜਿਸ ਨੂੰ ਰੋਕਣ ਲਈ ਵਾਰ-ਵਾਰ ਪ੍ਰਸ਼ਾਸਨ ਨੂੰ ਬੇਨਤੀਆਂ ਕਰਨ ਦੇ ਬਾਵਜੂਦ ਕਿਸੇ ਨੇ ਵੀ ਇਸ ਮਸਲੇ ਵੱਲ ਧਿਆਨ ਨਹੀਂ ਦਿੱਤਾ ਗਿਆ | ਇਸ ਜਗ੍ਹਾ ਨੂੰ ਕੂੜੇ ਦੇ ਡੰਪ ਵਜੋਂ ਵਰਤਿਆ ਜਾ ਰਿਹਾ ਹੈ | ਮੁਹੱਲਾ ਨਿਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਥਾਨ 'ਤੇ ਕੂੜਾ-ਕਰਕਟ ਸੁੱਟਣਾ ਬੰਦ ਨਾ ਕੀਤਾ ਗਿਆ ਤਾਂ ਇਸ ਦੇ ਵਿਰੋੋਧ 'ਚ ਮਜਬੂਰਨ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ |