ਸ੍ਰੀ ਮੁਕਤਸਰ ਸਾਹਿਬ, 9 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਗੁਰਕਿਰਨਦੀਪ ਸਿੰਘ ਸਿੱਧੂ ਐੱਸ.ਡੀ.ਐੱਮ. ਸ੍ਰੀ ਮੁਕਤਸਰ ਸਾਹਿਬ ਨੇ ਜਨਗਣਨਾ 2027 ਦੇ ਪਹਿਲੇ ਫ਼ੇਜ (ਹਾਊਸ ਲਿਸਟਿੰਗ ਆਪ੍ਰੇਸ਼ਨ) ਦਾ ਕੰਮ ਸਭ ਤੋਂ ਪਹਿਲਾਂ ਮੁਕੰਮਲ ਕਰਨ ਵਾਲੇ 125 ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਐੱਸ.ਡੀ.ਐੱਮ. ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਿਨ੍ਹਾਂ ਕਰਮਚਾਰੀਆਂ ਦੀ ਤਹਿਸੀਲ ਸ੍ਰੀ ਮੁਕਤਸਰ ਸਾਹਿਬ ਦੀ ਜਨਗਣਨਾ 2027 ਦੇ ਸਰਵੇ ਲਈ ਡਿਊਟੀ ਲਗਾਈ ਗਈ ਸੀ, ਇਨ੍ਹਾਂ ਸਾਰੇ ਕਰਮਚਾਰੀਆਂ ਨੇ ਵਧੀਆ ਤੇ ਸ਼ਾਨਦਾਰ ਢੰਗ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕਰਕੇ ਆਪਣਾ ਅਹਿਮ ਫ਼ਰਜ਼ ਅਦਾ ਕੀਤਾ ਹੈ | ਇਸ ਮੌਕੇ ਕਰਮਚਾਰੀਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਇਸ ਰਾਸ਼ਟਰੀ ਪੱਧਰ 'ਤੇ ਕੰਮ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਡਿਊਟੀ ਨੂੰ ਮਿਹਨਤ, ਸਮਰਪਨ ਤੇ ਵਧੀਆ ਕਾਰਗੁਜ਼ਾਰੀ ਨਾਲ ਨੇਪਰੇ ਚਾੜਿ੍ਹਆ ਹੈ | ਇਸ ਮੌਕੇ ਚਰਨਜੀਤ ਕੌਰ ਤਹਿਸੀਲਦਾਰ ਕਮ ਸੈਂਸਜ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਮੌਜੂਦ ਸਨ |