ਰੁਪਾਣਾ, 9 ਜੂਨ (ਜਗਜੀਤ ਸਿੰਘ)-ਪਿੰਡ ਰੁਪਾਣਾ ਤੋਂ ਮਹਾਂਬੱਧਰ ਸੜਕ ਦਾ ਨੀਂਹ ਪੱਥਰ 24 ਸਤੰਬਰ 2025 ਨੂੰ ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਰੱਖਿਆ ਗਿਆ ਸੀ, ਪਰ ਲਗਪਗ 8 ਮਹੀਨੇ ਬੀਤ ਜਾਣ ਦੇ ਬਾਵਜੂਦ ਸੜਕ ਦਾ ਨਿਰਮਾਣ ਕਾਰਜ ਪੂਰਾ ਨਹੀਂ ਹੋ ਸਕਿਆ | ਇਸ ਕਾਰਨ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਬਿੰਦਰ ਸਿੰਘ ਫੂਲੇਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਕਾਸ ਦੇ ਕੀਤੇ ਜਾ ਰਹੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਸਿਰਫ਼ ਨੀਂਹ ਪੱਥਰ ਰੱਖਣ ਤੱਕ ਹੀ ਸੀਮਤ ਹੈ, ਜਦਕਿ ਜ਼ਮੀਨੀ ਪੱਧਰ 'ਤੇ ਵਿਕਾਸ ਦੇ ਕੰਮ ਨਜ਼ਰ ਨਹੀਂ ਆ ਰਹੇ | ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ 'ਤੇ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ | ਖ਼ਰਾਬ ਸੜਕਾਂ ਕਾਰਨ ਲੋਕਾਂ ਨੂੰ ਰੋਜ਼ਾਨਾ ਆਵਾਜਾਈ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਕਾਫ਼ੀ ਪ੍ਰੇਸ਼ਾਨ ਹਨ | ਗੁਰਬਿੰਦਰ ਸਿੰਘ ਫੂਲੇਵਾਲਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰੇ | ਇਸ ਮੌਕੇ ਹਰਨੇਕ ਸਿੰਘ ਹੁੰਦਲ, ਰਣਜੀਤ ਸਿੰਘ, ਕੀਰਤਨ ਸਿੰਘ, ਤਰਲੋਕ ਸਿੰਘ, ਮਹਿੰਦਰ ਸਿੰਘ, ਅਨਮੋਲ ਵਿਰਕ ਆਦਿ ਹਾਜ਼ਰ ਸਨ |