ਸ੍ਰੀ ਮੁਕਤਸਰ ਸਾਹਿਬ, 9 ਜੂਨ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਨਗਰ ਕੌਂਸਲ ਚੋਣਾਂ ਵਿਚ ਚਾਰ ਵਾਰਡਾਂ ਵਿਚੋਂ ਜੇਤੂ ਰਹੇ ਕੌਂਸਲਰਾਂ ਦੇ ਸਨਮਾਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਵਲੋਂ ਸਨਮਾਨ ਸਮਾਗਮ ਰੱਖਿਆ ਗਿਆ | ਇਸ ਮੌਕੇ ਸ਼ੂਗਰ ਮਿੱਲ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਫ਼ੱਤਣਵਾਲਾ ਅਤੇ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਵਲੋਂ ਵਾਰਡ ਨੰਬਰ 2 ਤੋਂ ਕੌਂਸਲਰ ਬਣੇ ਹਰਦੀਪ ਕੌਰ ਬੇਦੀ ਪਤਨੀ ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ, ਵਾਰਡ ਨੰਬਰ 28 ਤੋਂ ਕੌਂਸਲਰ ਬਣੇ ਕਰਤਾਰ ਸਿੰਘ ਟੀਨੂੰ ਸੋਢੀ, ਵਾਰਡ ਨੰਬਰ 30 ਤੋਂ ਕੌਂਸਲਰ ਬਣੀ ਵੰਦਨਾ ਸ਼ਰਮਾ ਪਤਨੀ ਪਵਨ ਸ਼ਰਮਾ ਅਤੇ ਵਾਰਡ ਨੰਬਰ 31 ਤੋਂ ਕੌਂਸਲਰ ਬਣੇ ਭਾਈ ਗਗਨਦੀਪ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਅਤੇ ਬਰਫ਼ੀ ਨਾਲ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੱਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਨੇ ਕਿਹਾ ਕਿ ਚਾਰ ਵਾਰਡਾਂ ਵਿਚੋਂ ਕਾਗ਼ਜ਼ ਰੱਦ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ 27 ਵਾਰਡਾਂ ਵਿਚ ਉਮੀਦਵਾਰ ਚੋਣ ਲੜੇ ਸਨ, ਜਿਨ੍ਹਾਂ ਵਿਚੋਂ ਚਾਰ ਜੇਤੂ ਰਹੇ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਬਰਕਰਾਰ ਰਿਹਾ ਹੈ | ਉਨ੍ਹਾਂ ਜੇਤੂ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਵਾਰਡਾਂ ਦੇ ਵਿਕਾਸ ਲਈ ਤੱਤਪਰ ਰਹਿਣਗੇ | ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਬੇਦੀ ਦਾ ਪਰਿਵਾਰ ਆਪਣੇ ਵਾਰਡ ਵਿਚੋਂ 6ਵੀਂ ਵਾਰ ਕੌਂਸਲਰ ਬਣਿਆ ਹੈ, ਜੋ ਕਿ ਇਕ ਰਿਕਾਰਡ ਹੈ | ਇਸ ਮੌਕੇ ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ, ਸੁਰਿੰਦਰ ਸਿੰਘ ਛਿੰਦਾ ਸਾਬਕਾ ਕੌਂਸਲਰ, ਪਵਨ ਸ਼ਰਮਾ, ਸੁਰਿੰਦਰਪਾਲ ਸਿੰਘ ਥਿੰਦ, ਕੰਵਰ ਸਿੱਧੂ, ਬਿੰਦਰ ਸਿੰਘ, ਜਗਪਾਲ ਸਿੰਘ ਜੱਜੀ ਭਾਊ, ਸੋਨੂੰ ਸੋਢੀ, ਜਗਮੀਤ ਸਿੰਘ, ਜਸਵਿੰਦਰ ਸਿੰਘ ਹਾਜ਼ਰ ਸਨ |