30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਇਕ ਨਜ਼ਰ ਏਧਰ ਵੀ...! <br/> ...ਤੇ ਆਖ਼ਰ ਕਦੋਂ ਕੁ ਸੁਣੀ ਜਾਵੇਗੀ ਹਰੀਨੌਂ ਸੜਕ ਦੀ!

ਕੋਟਕਪੂਰਾ ਵਿਖੇ ਹਰੀਨੌਂ ਸੜਕ 'ਤੇ ਬਣੇ ਡੂੰਘੇ ਖੱਡਿਆਂ 'ਚ ਜਮ੍ਹਾਂ ਹੋਇਆ ਗ਼ੰਦਾ ਪਾਣੀ | ਅਜੀਤ ਤਸਵੀਰ <br/> 13-06-2026
ਕੋਟਕਪੂਰਾ, 12 ਜੂਨ (ਮੋਹਰ ਸਿੰਘ ਗਿੱਲ)-ਸਥਾਨਕ ਹਰੀਨੌ ਸੜਕ ਦੀ ਹਾਲਤ ਬਹੁਤ ਜ਼ਿਆਦਾ ਖ਼ਸਤਾ ਹੋ ਚੁੱਕੀ ਹੈ | ਹਾਲਾਂ ਕਿ ਇਸ ਸੜਕ ਉਪਰ ਜਨਤਕ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ | ਸੰਘਣੀ ਆਬਾਦੀ ਅਤੇ ਕਈ ਪਿੰਡਾਂ ਨੂੰ ਜੋੜਦੀ ਹੋਣ ਕਰਕੇ ਇਸ 'ਤੇ ਸਵੇਰੇ ਸਵੱਖਤੇ ਤੋਂ ਲੈ ਕੇ ਅੱਧੀ ਰਾਤ ਤੱਕ ਆਵਾਜਾਈ ਆਮ ਵਾਂਗ ਰਹਿੰਦੀ ਹੈ | ਇਸ ਸੜਕ 'ਤੇ ਕਈ ਥਾਵਾਂ ਉਪਰ ਬਹੁਤ ਜ਼ਿਆਦਾ ਡੂੰਘੇ ਖੱਡੇ ਬਣ ਚੁੱਕੇ ਹਨ, ਜਿਨ੍ਹਾਂ ਉਤੇ ਸਾਰਾ ਦਿਨ ਉੱਡਦੀ ਧੂੜ ਜਿੱਥੇ ਰਾਹਗੀਰਾਂ ਅਤੇ ਵਹੀਕਲ ਚਾਲਕਾਂ ਲਈ ਸਮੱਸਿਆ ਪੈਦਾ ਕਰਦੀ ਹੈ, ਓਥੇ ਹੀ ਇਸ ਦੇ ਦੋਹੀਂ ਪਾਸੀ ਆਪਣਾ ਕਾਰੋਬਾਰ ਕਰਦੇ ਦੁਕਾਨਾਂ ਵਾਲੇ ਇਸ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ | ਜਦੋਂ ਹਲਕੀ ਬਾਰਿਸ਼ ਪੈਂਦੀ ਤਾਂ ਇਸ ਸੜਕ ਇਹ ਪੂਰੀ ਤਰ੍ਹਾਂ ਪਾਣੀ ਨਾਲ ਭਰ ਜਾਂਦੀ ਹੈ ਅਤੇ ਇਹ ਰਸਤਾ ਸੜਕ ਨਹੀਂ, ਬਲਕਿ ਗੰਦੇ ਪਾਣੀ ਦੇ ਤਲਾਬ ਦਾ ਭੁਲੇਖਾ ਪਾਉਣ ਲੱਗ ਜਾਂਦਾ ਹੈ | ਚਾਰ ਕਣੀਆਂ ਪੈ ਜਾਣ ਤਾਂ ਚਿੱਕੜ-ਚੀਲ੍ਹਾ ਆਮ ਬਣ ਜਾਂਦਾ ਹੈ | ਇਹ ਸੜਕ ਰੇਲਵੇ ਫਾਟਕ ਦੇ ਨੇੜੇ ਸਥਿਤ ਹੋਣ ਕਾਰਨ ਬਹੁਤ ਹੀ ਜ਼ਿਆਦਾ ਆਵਾਜਾਈ ਵਾਲੀ ਸੜਕ ਵਜੋਂ ਜਾਣੀ ਜਾਂਦੀ ਹੈ | ਵਾਰਡ ਨੰਬਰ 19, 20, 21 ਅਤੇ 22 ਨੂੰ ਜੋੜਦੀ ਮੁੱਖ ਸੜਕ ਹੈ | ਇਸ ਦੇ ਨਾਲ ਹੀ ਇਸ ਰਸਤੇ 'ਤੇ ਕਈ ਧਾਰਮਿਕ ਅਸਥਾਨ, ਮੰਦਰ-ਗੁਰਦੁਆਰੇ ਅਤੇ ਸਕੂਲ ਸਥਿਤ ਹਨ, ਜਿਸ ਕਰਕੇ ਹਰ ਰੋਜ਼ ਵੱਡੀ ਗਿਣਤੀ ਵਿਚ ਆਮ ਲੋਕ, ਬੱਚੇ ਅਤੇ ਬਜ਼ੁਰਗ ਇੱਥੋਂ ਆਮ ਆਵਾਜਾਈ ਕਰਦੇ ਹਨ | ਇਲਾਕਾ ਨਿਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੀ ਸਮੇਂ 'ਚ ਨਗਰ ਕੌਂਸਲ ਦੇ ਕਾਰਜਕਾਲ ਦੌਰਾਨ ਇਸ ਸੜਕ ਦੀ ਮੁਰੰਮਤ ਅਤੇ ਡਰੇਨਜ ਸਿਸਟਮ ਦੀ ਵੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਗਈ | ਇਸ ਸਬੰਧੀ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਨਾ ਤਾਂ ਪਾਣੀ ਨਿਕਾਸੀ ਦੀ ਕੋਈ ਪੱਕੀ ਯੋਜਨਾ ਬਣਾਈ ਗਈ ਅਤੇ ਨਾ ਹੀ ਸੜਕ ਦੀ ਮੁਰੰਮਤ ਕਰਵਾਈ ਗਈ ਹੈ | ਨਤੀਜੇ ਵਜੋਂ ਅੱਜ ਹਾਲਾਤ ਇਹ ਬਣ ਗਏ ਹਨ ਕਿ ਬਾਰਿਸ਼ ਦੌਰਾਨ ਪੈਦਲ ਯਾਤਰੀਆਂ ਨੂੰ ਗੰਦੇ ਪਾਣੀ ਵਿਚੋਂ ਲੰਘਣਾ ਪੈਂਦਾ ਹੈ, ਜਦਕਿ ਦੋਪਹੀਆ ਵਾਹਨ ਅਕਸਰ ਫਿਸਲ ਕੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ | ਇਲਾਕੇ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੜਕ ਦੀ ਮਾੜੀ ਹਾਲਤ ਦਾ ਉਨ੍ਹਾਂ ਨੂੰ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ, ਕਿਉਂਕਿ ਪਾਣੀ ਭਰਨ ਕਾਰਨ ਗਾਹਕ ਇੱਧਰ ਆਉਣ 'ਚ ਕੋਈ ਦਿਲਚਸਪੀ ਨਹੀਂ ਲੈਂਦਾ | ਜਨਤਕ ਸ਼ਿਕਾਇਤਾਂ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਦੁਕਾਨਦਾਰ, ਮੁਹੱਲਾ ਨਿਵਾਸੀ ਅਤੇ ਆਮ ਰਾਹਗੀਰ ਬਹੁਤ ਜ਼ਿਆਦਾ ਪ੍ਰੇਸ਼ਾਨੀ ਝੱਲਣ ਲਈ ਮਜ਼ਬੂਰ ਹਨ | ਇਲਾਕੇ ਦੇ ਲੋਕਾਂ ਨੇ ਨਵੇਂ ਬਣੇ ਕੌਂਸਲਰਾਂ ਅਤੇ ਸਥਾਨਕ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਹਰੀਨੌ ਰੋਡ ਦੀ ਤੁਰੰਤ ਡਰੇਨਜ਼ ਯੋਜਨਾ ਬਣਾਈ ਜਾਵੇ, ਸੜਕ ਦੀ ਮੁਰੰਮਤ ਕੀਤੀ ਜਾਵੇ ਅਤੇ ਪਾਣੀ ਖੜ੍ਹਨ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਹਰ ਰੋਜ਼ ਦੀ ਪ੍ਰੇਸ਼ਾਨੀ ਤੋਂ ਪੱਕੇ ਤੌਰ 'ਤੇ ਕੁਝ ਰਾਹਤ ਮਿਲ ਸਕੇ |
ਪਿਛਲੀ ਖ਼ਬਰ ...ਤੇ ਆਖ਼ਰ ਕਦੋਂ ਕੁ ਸੁਣੀ ਜਾਵੇਗੀ ਹਰੀਨੌਂ ਸੜਕ ਦੀ! ਅਗਲੀ ਖ਼ਬਰ ਧਰਮ ਗੁਰੂਆਂ ਵਲੋਂ ਦੇਸੀ ਗਊਆਂ ਦੇ ਸਤਿਕਾਰ ਅਤੇ ਸੰਭਾਲ ਲਈ ਅੱਗੇ ਆਉਣ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।