ਸ੍ਰੀ ਮੁਕਤਸਰ ਸਾਹਿਬ, 16 ਜੂਨ (ਰਣਜੀਤ ਸਿੰਘ ਢਿੱਲੋਂ)-ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਅੱਜ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਥਾਂਦੇਵਾਲਾ ਦੀ ਅਗਵਾਈ ਵਿਚ ਵਧੀਕ ਡਿਪਟੀ ਕਮਿਸ਼ਨਰ ਡੈਵੀ ਗੋਇਲ ਨੂੰ ਮਿਲਿਆ ਅਤੇ ਚੌਰਸਤੇ ਵਿਚ ਚੌਂਕ ਬਣਾਉਣ ਦੀ ਮੰਗ ਨੂੰ ਲੈ ਕੇ ਯਾਦ ਪੱਤਰ ਸੌਂਪਿਆ। ਇਸ ਮੌਕੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਯਾਦ ਰਹੇ ਕਿ ਪਿਛਲੀ 19 ਮਈ ਨੂੰ ਵੱਖ-ਵੱਖ ਜਥੇਬੰਦੀਆਂ ਵਲੋਂ ਏ.ਡੀ.ਸੀ. ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਵਿਚ ਮੰਗ ਕੀਤੀ ਗਈ ਸੀ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਵਾਇਆ ਥਾਂਦੇਵਾਲਾ ਜੈਤੋ ਜਾਂਦੀ ਸੜਕ ਨੂੰ ਕੋਟਕਪੂਰਾ ਰੋਡ ਪਿੰਡ ਉਦੇਕਰਨ ਤੋਂ ਪਿੰਡ ਸੰਗੂਧੌਣ ਨੂੰ ਜਾਂਦੀ ਰੋਡ ਇਕ-ਦੂਜੇ ਨੂੰ ਇਕ ਚੌਂਕ ਵਿਚ ਕੱਟਦੀਆਂ ਹਨ। ਇਸ ਚੌਂਕ ਦੇ ਦੋ ਪਾਸੇ ਕਾਲੋਨੀਆਂ ਕੱਟੀਆਂ ਜਾ ਚੁੱਕੀਆਂ ਹਨ। ਦੋ ਪਾਸੇ ਉਸਾਰੀ ਹੋ ਚੁੱਕੀ ਹੈ, ਚੌਂਕ ਭੀੜਾ ਹੋਣ ਕਰਕੇ ਇੱਥੇ ਐਕਸੀਡੈਂਟ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਸ ਮੰਗ ਪੱਤਰ ਰਾਹੀਂ ਕਿਹਾ ਗਿਆ ਸੀ ਕਿ ਚੌਂਕ ਨੂੰ ਖੁੱਲ੍ਹਾ ਕੀਤਾ ਜਾਵੇ ਤਾਂ ਕਿ ਕਿਸੇ ਕਿਸਮ ਦੀ ਦੁਰਘਟਨਾ ਹੋਣ ਤੋਂ ਬਚਾਇਆ ਜਾ ਸਕੇ। ਪਰ ਪ੍ਰਸ਼ਾਸਨ ਨੇ ਅੱਜ ਤੱਕ ਕੋਈ ਬਣਦੀ ਕਾਰਵਾਈ ਨਹੀਂ ਕੀਤੀ। ਬੀਤੀ 15 ਜੂਨ ਨੂੰ ਸ਼ਾਮ ਵੇਲੇ ਇਸ ਚੌਂਕ ਵਿਚ ਪਿੰਡ ਭੁੱਟੀਵਾਲਾ ਦੇ ਦੋ ਮੋਟਰਸਾਈਕਲ ਸਵਾਰ ਅਤੇ ਇਕ ਕਾਰ ਦੀ ਟੱਕਰ ਹੋਈ, ਜਿਸ ਵਿਚ ਬੇਸ਼ੱਕ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਅੱਜ ਵੀ ਉਹ ਜ਼ਖ਼ਮੀ ਹੋਏ ਨੌਜਵਾਨ ਹਸਪਤਾਲ ਵਿਚ ਦਾਖ਼ਲ ਹਨ। ਯਾਦ ਪੱਤਰ ਪ੍ਰਾਪਤ ਕਰਨ ‘ਤੇ ਏ.ਡੀ.ਸੀ. ਡੈਵੀ ਗੋਇਲ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਇਸ ਚੌਂਕ ਵਿਚ ਇਕ ਵਾਰ ਸਪੀਡ ਬਰੇਕਰ ਬਣਾਏ ਜਾਣਗੇ ਅਤੇ ਅੱਗੇ ਜ਼ਮੀਨ ਐਕਵਾਇਰ ਕਰਕੇ ਚੌਂਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਸ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਅਤੇ ਸੜਕ ਮਹਿਕਮੇ ਦੇ ਕਰਮਚਾਰੀ ਮੌਕਾ ਵੇਖਣ ਲਈ ਚੌਂਕ ਵਿਚ ਪਹੁੰਚੇ। ਉਨ੍ਹਾਂ ਨੇ ਵੀ ਮੰਨਿਆ ਕਿ ਵਾਕਿਆ ਹੀ ਇਹ ਜਗ੍ਹਾ ਐਕਸੀਡੈਂਟਾਂ ਦਾ ਕਾਰਨ ਬਣੇਗੀ, ਜਿਸ ‘ਤੇ ਜਲਦੀ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਉਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਭੁਪਿੰਦਰ ਸਿੰਘ ਥਾਂਦੇਵਾਲਾ, ਬਲਾਕ ਪ੍ਰਧਾਨ ਗਗਨਦੀਪ ਸਿੰਘ ਗੱਗਾ, ਸੀਟੂ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਚਾਵਲਾ, ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਵਿਜੈ ਕੁਮਾਰ ਗੋਇਲ, ਪਿੰਡ ਥਾਂਦੇਵਾਲਾ ਦੇ ਕੁਲਵੰਤ ਸਿੰਘ ਥਾਂਦੇਵਾਲਾ, ਪੰਥਜੀਤ ਸਿੰਘ ਥਾਂਦੇਵਾਲਾ ਹਾਜ਼ਰ ਸਨ। ਇਸ ਦੌਰਾਨ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਇਕ-ਦੋ ਦਿਨਾਂ ਵਿਚ ਸਪੀਡ ਬਰੇਕਰ ਬਣਾ ਕੇ ਚੌਂਕ ਖੁੱਲ੍ਹਾ ਕਰਵਾਉਣ ਦੀ ਕਾਰਵਾਈ ਸ਼ੁਰੂ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿਚ ਕਿਰਤੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚਾ ਤੇ ਹੋਰ ਭਰਾਤਰੀ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਸੰਘਰਸ਼ ਵਿੱਢੇਗੀ।
ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ
ਅਜੀਤ ਡੈਸਕ
17-06-2026