14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸਫ਼ਾਈ ਸੇਵਕਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਹੜਤਾਲ ਜਾਰੀ

ਅਜੀਤ ਡੈਸਕ 27-06-2026
ਫ਼ਰੀਦਕੋਟ, 26 ਜੂਨ (ਸਰਬਜੀਤ ਸਿੰਘ)-ਸਫ਼ਾਈ ਸੇਵਕਾਂ ਦੀ ਪਹਿਲਾਂ 20 ਦਿਨ ਰਹੀ ਲਗਾਤਾਰ ਹੜਤਾਲ ਕਾਰਨ ਸ਼ਹਿਰ ਕੂੜੇ ਦਾ ਢੇਰ ਬਣ ਕੇ ਰਹਿ ਗਿਆ ਸੀ ਅਤੇ ਹੁਣ ਫਿਰ ਆਪਣੀਆਂ ਤਨਖਾਹਾਂ ਨੂੰ ਲੈ ਕੇ ਸਫ਼ਾਈ ਸੇਵਕ ਸੱਤ ਦਿਨਾਂ ਤੋਂ ਹੜਤਾਲ ਕਰੀ ਬੈਠੇ ਹਨ ਅਤੇ ਮਿਊਂਸਪਲ ਦਫ਼ਤਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ ਲਾਇਆ ਹੋਇਆ ਹੈ। ਧਰਨੇ ਦੌਰਾਨ ਸਫ਼ਾਈ ਸੇਵਕਾਂ ਵਲੋਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਨਾਅਬੇਜਾਬੀ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਸ਼ਹਿਰ ਵਿਚ ਹਰ ਪਾਸੇ ਕੂੜੇ ਦੇ ਢੇਰ ਅਤੇ ਗਲੀਆਂ ਨਾਲੀਆ ’ਚ ਕੂੜਾ ਫੈਲਿਆ ਨਜ਼ਰ ਆ ਰਿਹਾ ਹੈ। ਗਰਮੀ ਕਰ ਕੇ ਕੂੜੇ ਤੋਂ ਸੜਾਨ ਮਾਰਦੀ ਹੈ ਅਤੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸ਼ਹਿਰ ਵਿਚ ਲੋਕਾਂ ਦਾ ਰਹਿਣਾ ਦੁੱਬਰ ਹੋਇਆ ਪਿਆ ਹੈ। ਨਗਰ ਕੌਂਸਲ ਫ਼ਰੀਦਕੋਟ ਦੇ ਸਫ਼ਾਈ ਕਾਮਿਆਂ ਵਲੋਂ ਭੋਲਾ ਰਾਮ ਦੀ ਅਗਵਾਈ ਵਿਚ ਅੱਜ ਲਗਾਤਾਰ 7ਵੇਂ ਦਿਨ ਧਰਨਾ ਲਾਇਆ ਗਿਆ। ਆਗੂਆਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੀਆ ਮੰਗਾਂ ਪੂਰੀਆਂ ਕਰਨ ਤੋਂ ਅਸਮਰੱਥ ਰਹੀ ਹੈ ਅਤੇ ਉਨ੍ਹਾਂ ਨੂੰ ਦੋ ਮਹੀਨੇ ਤੋਂ ਤਨਖਾਹਾਂ ਵੀ ਨਹੀਂ ਦੇ ਰਹੀ। ਪ੍ਰਧਾਨ ਸੰਤ ਰਾਮ, ਅਸ਼ੋਕ ਸਾਰਵਾਨ ਸੂਬਾ ਪ੍ਰਧਾਨ, ਰਮੇਸ਼ ਕੁਮਾਰ ਨਿਨੂੰ ਖਜ਼ਾਨਚੀ ਤੇ ਕੁਲਦੀਪ ਸ਼ਰਮਾ ਮੁੱਖ ਸਲਾਹਕਾਰ ਨੇ ਕਿਹਾ ਕਿ ਤਨਖਾਹਾਂ ਨਾ ਮਿਲਣ ਕਰ ਕੇ ਉਨ੍ਹਾਂ ਨੂੰ ਪਰਿਵਾਰ ਪਾਲਣੇ ਔਖੇ ਹੋਏ ਪਏ ਹਨ। ਇਕ ਤਾਂ ਪਹਿਲਾਂ ਹੀ ਤਨਖਾਹਾਂ ਬਹੁਤ ਘੱਟ ਹਨ ਅਤੇ ਉਹ ਵੀ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ। ਉਧਰ ਸ਼ਹਿਰ ਵਾਸੀ ਐਡਵੋਕੇਟ ਜਸਕੀਰਤ ਸਿੰਘ ਬਾਵਾ, ਸੁਖਵਿੰਦਰ ਸਿੰਘ ਮਿੰਟੂ, ਬਲਵਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਹਰ ਫ਼ਰੰਟ ’ਤੇ ਫੇਲ੍ਹ ਨਜ਼ਰ ਆਉਂਦੀ ਹੈ। ਬੁਨਿਆਦੀ ਸਹੂਲਤਾਂ ਵਿਚ ਸ਼ਹਿਰ ਦੀ ਸਾਫ਼ ਸਫ਼ਾਈ ਦਾ ਕੰਮ ਵੀ ਸਰਕਾਰ ਨਹੀਂ ਸੰਭਾਲ ਸਕੀ ਅਤੇ ਨਾ ਹੀ ਇਲਾਕੇ ਦਾ ਸਰਕਾਰ ਦਾ ਨੁਮਾਇੰਦਾ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਅੱਗੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਫੈਲੇ ਕੂੜਾ ਕਰਕਟ ਕਾਰਨ ਬਿਮਾਰੀਆਂ ਫੈਲਾ ਰਿਹਾ ਹੈ। ਸਮਾਜ ਸੇਵੀ ਅਨੂਪ ਗਰੋਵਰ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਨੰਬਰ 19 ਵਿਚ ਇਕ ਘਰ ਦੇ ਗੇਟ ਅੱਗੇ ਕੁੱਤਾ ਮਰ ਗਿਆ, ਜਿਸ ਨੂੰ ਕੋਈ ਚੁੱਕਣ ਲਈ ਨਹੀਂ ਆਇਆ। ਜਿਸ ਨੂੰ ਉਨ੍ਹਾਂ ਵਲੋਂ ਖੁਦ ਪੈਸੇ ਦੇ ਕੇ ਚੁਕਵਾਇਆ ਗਿਆ। ਉਨ੍ਹਾ ਕਿਹਾ ਕਿ ਜੇਕਰ ਅਜਿਹੀਆਂ ਬੁਨਿਆਦੀ ਸਹੂਲਤਾ ਸਰਕਾਰ ਪ੍ਰਦਾਨ ਨਹੀਂ ਕਰਾ ਸਕਦੀ ਤਾਂ ਸਰਕਾਰ ਦਾ ਕੋਈ ਫਾਇਦਾ ਨਹੀਂ। ਕਮੇਟੀ ਅੱਗੇ ਦਿੱਤੇ ਧਰਨੇ ਨੂੰ ਕੁਲਦੀਪ ਕੁਮਾਰ ਜਥੇਬੰਧਕ ਸਕੱਤਰ, ਸੰਜੇ ਕੁਮਾਰ ਮੀਤ ਪ੍ਰਧਾਨ, ਰਾਹੁਲ ਖਜ਼ਾਨਚੀ, ਵਿੱਕੀ ਪ੍ਰਧਾਨ, ਵਿੱਕੀ ਗੈਚੰਡ ਜ਼ਿਲ੍ਹਾ ਸੈਕਟਰੀ, ਮਨਦੀਪ ਕੁਮਾਰ ਆਦਿ ਨੇ ਸੰਬੋਧਨ ਕੀਤਾ।
ਪਿਛਲੀ ਖ਼ਬਰ ‘ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ’ ’ਤੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਵਿਧਾਇਕ ਕਾਲਾ ਢਿੱਲੋਂ ਨੇ ਨਵ-ਨਿਯੁਕਤ ਬਲਾਕ ਪ੍ਰਧਾਨ ਅਰਨਦੀਪ ਸਿੰਘ ਧਾਲੀਵਾਲ ਦਾ ਸਨਮਾਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।