08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਮਹਿਰਾਜ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 30-06-2026
ਮਹਿਰਾਜ, 29 ਜੂਨ (ਸੁਖਪਾਲ ਮਹਿਰਾਜ)- ਛੇਵੇਂ ਪਾਤਸ਼ਾਹ, ਮੀਰੀ-ਪੀਰੀ ਦੇ ਮਾਲਕ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਬਾ ਰਾਮਸਰਾ ਸਾਹਿਬ (ਮੋੜੀ ਗੱਡ ਅਸਥਾਨ), ਪਾਤਸ਼ਾਹੀ ਛੇਵੀਂ ਤੇ ਸੱਤਵੀਂ, ਪਿੰਡ ਮਹਿਰਾਜ ਵਿਖੇ ਸਾਧ ਬਾਬਾ ਪ੍ਰੀਤਮ ਸਿੰਘ ਅਤੇ ਹੈੱਡ ਗ੍ਰੰਥੀ ਭਾਈ ਭੋਲਾ ਸਿੰਘ ਦੇ ਉਪਰਾਲੇ ਅਤੇ ਸਮੂਹ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਬਾਬਾ ਰਾਮਸਰਾ ਸਾਹਿਬ ਵਿਖੇ ਅਰਦਾਸ ਉਪਰੰਤ ਕੀਤੀ ਗਈ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਿਆ ਨਗਰ ਕੀਰਤਨ ਗੁਰਦੁਆਰਾ ਰਾਮਸਰਾ ਸਾਹਿਬ ਤੋਂ ਚੱਲ ਕੇ ਛੋਟਾ ਗੁਰੂਸਰ ਸਾਹਿਬ, ਕੋਠੇ ਮੈਰਕੀ ਪੁੱਲ, ਕੋਠੇ ਟੱਲਵਾਲੀ, ਕੋਠੇ ਪਿੱਪਲੀ, ਵੱਡਾ ਗੁਰੂਸਰ ਸਾਹਿਬ, ਗੁਰਦੁਆਰਾ ਟਿੱਬਾ ਸਾਹਿਬ, ਕੋਠੇ ਕਪਾਹਾਂ ਵਾਲੇ, ਗੁਰਦੁਆਰਾ ਮਾੜੀ, ਵੱਡਾ ਬੱਸ ਸਟੈਂਡ ਮਹਿਰਾਜ, ਪਿੰਡ ਦੀ ਫਿਰਨੀ ਅਤੇ ਗੁਰਦੁਆਰਾ ਫਲਾਈਆਂ ਵਾਲਾ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸ੍ਰੀ ਰਾਮਸਰਾ ਸਾਹਿਬ ਵਿਖੇ ਸੰਪੰਨ ਹੋਇਆ। ਨਗਰ ਕੀਰਤਨ ਦੌਰਾਨ ਲੱਕੀ ਨੰਬਰ ਵਨ ਆਰਤੀ ਬੈਂਡ ਬਠਿੰਡਾ ਨੇ ਆਪਣੀਆਂ ਧਾਰਮਿਕ ਧੁਨਾਂ ਨਾਲ ਸ਼ੋਭਾ ਵਧਾਈ, ਜਦਕਿ ਗਤਕਾ ਟੀਮਾਂ ਨੇ ਸਿੱਖ ਮਾਰਸ਼ਲ ਆਰਟ ਦੇ ਹੈਰਾਨੀਜਨਕ ਕਰਤੱਵ ਦਿਖਾ ਕੇ ਸੰਗਤਾਂ ਨੂੰ ਪ੍ਰਭਾਵਿਤ ਕੀਤਾ। ਭਾਈ ਭੋਲਾ ਸਿੰਘ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਰਹੇ। ਨਗਰ ਕੀਰਤਨ ਦੇ ਅੱਗੇ-ਅੱਗੇ ਗੁਰੂ ਘਰ ਦੇ ਸੇਵਾਦਾਰ ਝਾੜੂ ਲਗਾ ਕੇ ਅਤੇ ਪਾਣੀ ਦਾ ਛਿੜਕਾਅ ਕਰਕੇ ਸੇਵਾ ਨਿਭਾ ਰਹੇ ਸਨ। ਸੰਗਤਾਂ ਵਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਥਾਂ-ਥਾਂ ਠੰਡੇ ਮਿੱਠੇ ਜਲ, ਸ਼ਰਬਤ ਅਤੇ ਹੋਰ ਲੰਗਰ ਲਗਾਏ ਗਏ। ਭਾਈ ਭੋਲਾ ਸਿੰਘ ਨੇ ਦੱਸਿਆ ਕਿ 30 ਜੂਨ ਨੂੰ ਸਵੇਰੇ 9:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ਜਾਣਗੇ, ਜਿੱਥੇ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਇਤਿਹਾਸ ਨਾਲ ਜੋੜਨਗੇ।
ਪਿਛਲੀ ਖ਼ਬਰ ਅਕਾਦਮਿਕ ਸੈਸ਼ਨ 2026–27 ਦੀ ਸ਼ੁਰੂਆਤ ਮੌਕੇ ਸੀਯੂ ਪੰਜਾਬ ਦੇ ਵਾਈਸ ਚਾਂਸਲਰ ਨੇ ਨਵੀਨਤਾਕਾਰੀ ਅਤੇ ਵਿਦਿਆਰਥੀ-ਕੇਂਦਰਿਤ ਸਿੱ... ਅਗਲੀ ਖ਼ਬਰ ਇਕ ਔਰਤ ਦੇ ਤੰਗ ਪ੍ਰੇਸ਼ਾਨ ਕਰਨ ’ਤੇ ਵਿਅਕਤੀ ਨੇ ਲਿਆ ਫ਼ਾਹਾ, ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।