ਮੰਡੀ ਘੁਬਾਇਆ (ਫਾਜ਼ਿਲਕਾ), 8 ਅਗਸਤ (ਅਮਨ ਬਵੇਜਾ)- ਮੰਡੀ ਘੁਬਾਇਆ ਅਧੀਨ ਆਉਂਦੇ ਪਿੰਡ ਟਾਹਲੀਵਾਲਾ ਅਤੇ ਗਹਿਲੇ ਵਾਲਾ ਦੇ ਵਿਚਕਾਰ ਖੇਤਾਂ ਵਿਚੋਂ ਸਰਹੱਦ ਪਾਰ ਪਾਕਿਸਤਾਨ ਤੋਂ ਆਏ ਇਕ ਡਰੋਨ ਮਿਲਣ ਦੀ ਖ਼ਬਰ ਹੈ। ਚੌਂਕੀ ਘੁਬਾਇਆ ਦੇ ਇੰਚਾਰਜ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਬੀ.ਐਸ.ਐਫ ਅਤੇ ਘੁਬਾਇਆ ਪੁਲਿਸ ਵਲੋਂ ਕੀਤੀ ਗਈ ਇਕ ਸਾਂਝੀ ਕਾਰਵਾਈ ਵਿਚ, ਪਿੰਡ ਗਹਿਲੇ ਵਾਲਾ ਦੇ ਰਕਬੇ ਵਿਚ ਝੋਨੇ ਦੇ ਖੇਤ ਵਿਚੋਂ ਇਕ ਡਰੋਨ ਅਤੇ ਉਸਦੇ ਨਾਲ ਇਕ ਚੀਨੀ ਬਣੀ ਪਿਸਤੌਲ, ਦੋ ਮੈਗਜ਼ੀਨ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਬੀ.ਐਸ.ਐਫ਼ ਨੂੰ ਡਰੋਨ ਦੀ ਜਾਣਕਾਰੀ ਮਿਲਣ ਤੇ ਪੁਲਿਸ ਨੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਅਤੇ ਕਈ ਘੰਟੇ ਚੱਲੇ ਸਰਚ ਅਭਿਆਨ ਦੌਰਾਨ ਝੋਨੇ ਦੇ ਖੇਤ ਵਿਚੋਂ ਡਰੋਨ ਦੇ ਨਾਲ ਹਥਿਆਰ ਮਿਲੇ। ਜਿਸ ਨੂੰ ਪੁਲਿਸ ਨੇ ਕਬਜੇ ਵਿਚ ਲੈ ਲਿਆ ਅਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।