06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਬੀ.ਐਸ.ਐਫ਼.ਦੇ ਸ਼ਹੀਦ ਸਬ-ਇੰਸਪੈਕਟਰ ਬਲਵੀਰ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਅਜੀਤ ਡੈਸਕ 16-07-2026
ਕੋਟਕਪੂਰਾ, 15 ਜੁਲਾਈ (ਮੋਹਰ ਸਿੰਘ ਗਿੱਲ, ਮੇਘਰਾਜ)-ਬੀ.ਐਸ.ਐਫ਼ ਦੇ ਸਬ-ਇੰਸਪੈਕਟਰ (ਜੀ.ਡੀ) ਬਲਵੀਰ ਸਿੰਘ, 57 ਬੀ.ਐਨ, ਜੋ ਕਿ 13 ਜੁਲਾਈ ਨੂੰ ਸਿਲੀਗੁੜੀ (ਪੱਛਮੀ ਬੰਗਾਲ) ਵਿਖੇ ਸਰਹੱਦ ’ਤੇ ਰਾਤ ਦੀ ਡਿਊਟੀ ਦੌਰਾਨ ਅਚਾਨਕ ਬਿਜਲੀ ਡਿੱਗਣ ਕਾਰਨ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਅੱਜ ਭਾਰਤੀ ਫ਼ੌਜ ਦੇ ਜਵਾਨਾਂ ਵਲੋਂ ਇਕ ਵਿਸ਼ੇਸ਼ ਗੱਡੀ ਰਾਹੀਂ ਅੱਜ ਕੋਟਕਪੂਰਾ ਵਿਖੇ ਲਿਆਂਦਾ ਗਿਆ। ਉਨ੍ਹਾਂ ਦੀ ਅਚਾਨਕ ਸ਼ਹਾਦਤ ਦੀ ਖ਼ਬਰ ਦਾ ਪਤਾ ਲੱਗਦਿਆਂ ਹੀ ਇਲਾਕੇ ’ਚ ਸੋਗ ਦਾ ਮਾਹੌਲ ਬਣ ਗਿਆ। ਸਥਾਨਕ ਬਠਿੰਡਾ ਸੜਕ ’ਤੇ ਸਥਿਤ ਸਮਸ਼ਾਨਘਾਟ ਵਿਖੇ ਬੇਹੱਦ ਸੋਗਮਈ ਮਾਹੌਲ ’ਚ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਫ਼ੌਜੀ ਬਲਵੀਰ ਸਿੰਘ (57) ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਫ਼ੌਜ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਰੀਤ ਦੀ ਰਸਮ ਕੀਤੀ ਗਈ ਅਤੇ ਫ਼ੁੱਲਾਂ ਦੀ ਵਰਖਾ ਕਰਕੇ ਸ਼ਹੀਦ ਫ਼ੌਜੀ ਨੂੰ ਸ਼ਰਧਾਂਜਲੀ ਅਤੇ ਅੰਤਿਮ ਵਿਦਾਇਗੀ ਦਿੱਤੀ ਗਈ। ਭਾਰਤੀ ਫ਼ੌਜ ਦੇ ਜਵਾਨਾਂ ਵਲੋਂ ਮਾਤਮੀ ਧੁਨਾਂ ਵਜਾ ਕੇ, ਹਵਾਈ ਫ਼ਾਇਰ ਦਾਗ ਕੇ ਅਤੇ ਹਥਿਆਰ ਨੀਵੇਂ ਕਰਕੇ ਫ਼ੌਜੀ ਬਲਵੀਰ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਮਿ੍ਰਤਕ ਦੀ ਪਤਨੀ, ਬੇਟੀ, ਬੇਟਾ ਅਤੇ ਹੋਰਨਾਂ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਉਨ੍ਹਾਂ ਕੋਲੋਂ ਇਹ ਸਦੀਵੀ ਵਿਛੋੜਾ ਝੱਲਿਆ ਨਹੀਂ ਜਾ ਰਿਹਾ ਸੀ। ਸ਼ਹੀਦ ਫ਼ੌਜੀ ਨੇ ਮਹਿਜ਼ 9 ਮਹੀਨਿਆਂ ਬਾਅਦ ਸੇਵਾ ਮੁਕਤ ਹੋ ਜਾਣਾ ਸੀ ਅਤੇ ਉਨ੍ਹਾਂ ਵਲੋਂ ਅਜੇ ਪਿਛਲੇ ਸਾਲ ਹੀ ਆਪਣੀ ਬੇਟੀ ਕਮਲਪ੍ਰੀਤ ਕੌਰ ਦਾ ਵਿਆਹ ਕੀਤਾ ਗਿਆ ਸੀ, ਜਦ ਕਿ ਉਨ੍ਹਾਂ ਦਾ ਬੇਟਾ ਅਮਨਪ੍ਰੀਤ ਸਿੰਘ (14) ਸਥਾਨਕ ਡੀ.ਏੇ.ਵੀ ਸਕੂਲ ’ਚ ਅੱਠਵੀਂ ਜਮਾਤ ’ਚ ਪੜ੍ਹਦਾ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਠੱਠੀ ਭਾਈ ਦਾ ਵਸਨੀਕ ਇਹ ਪਰਿਵਾਰ ਕਰੀਬ ਪੰਜ ਕੁ ਸਾਲ ਪਹਿਲਾਂ ਹੀ ਕੋਟਕਪੂਰਾ ਦਾ ਵਸਨੀਕ ਬਣਿਆ ਹੈ। ਬੀ.ਐਸ.ਐਫ਼ (ਆਰ.ਟੀ) ਹੈਡਕੁਆਰਟਰ ਦੇ ਡੀ.ਆਈ.ਜੀ ਅਮਿਤਾਜ ਵਾਜਪਾਈ ਨੇ ਦੱਸਿਆ ਹੈ ਕਿ ਉਨ੍ਹਾਂ ਵਲੋਂ ਸਾਰੀਆਂ ਵਿਭਾਗੀ ਕਾਰਵਾਈਆਂ ਮੁਕੰਮਲ ਕਰਕੇ ਸ਼ਹੀਦ ਦੇ ਪਰਿਵਾਰ ਨੂੰ ਬਣਦੇ ਸਾਰੇ ਸਰਕਾਰੀ ਲਾਭ ਦਿਵਾਏ ਜਾਣਗੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਫ਼ੌਜੀ ਦੀ ਸ਼ਹਾਦਤ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਥਾਨਕ ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ, ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਧਨਜੀਤ ਸਿੰਘ ਧਨੀ ਵਿਰਕ, ਨਗਰ ਕੌਂਸਲ ਦੇ ਪ੍ਰਧਾਨ ਗੈਰੀ ਵੜਿੰਗ, ਕੌਂਸਲਰ ਸੁਤੰਤਰ ਜੋਸ਼ੀ, ਰੋਮਾ ਬਰਾੜ, ਜਰਨੈਲ ਸਿੰਘ ਮੋਗੇ ਵਾਲੇ, ਰੰਗ ਹਰਜਿੰਦਰ ਸਿੰਘ, ਸਰਪੰਚ ਡਿਪਟੀ ਸਿੰਘ ਬਰਾੜ ਨੱਥੇ ਵਾਲਾ ਸਮੇਤ ਸ਼ਹਿਰ ਦੇ ਪਤਵੰਤੇ ਵਿਅਕਤੀ ਅਤੇ ਪਰਿਵਾਰ ਦੇ ਰਿਸ਼ਤੇਦਾਰ ਵੱਡੀ ਗਿਣਤੀ ’ਚ ਹਾਜ਼ਰ ਸਨ।
ਪਿਛਲੀ ਖ਼ਬਰ ਇੰਟਰਨੈਸ਼ਨਲ ਮਿਲੇਨੀਅਮ ਸਕੂਲ ’ਚ ਮਹਿਲਾ ਸੰਮੇਲਨ 18 ਜੁਲਾਈ ਨੂੰ -ਚੇਅਰਮੈਨ ਵਾਸੂ ਸ਼ਰਮਾ ਅਗਲੀ ਖ਼ਬਰ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਵਲੇ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।