07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

-ਫ਼ਾਰਮੇਸੀ ਅਫ਼ਸਰ ਪੇਪਰ ਲੀਕ ਮਾਮਲਾ— ਜਥੇਬੰਦੀਆਂ ਵਲੋਂ ਭਲਕੇ ਯੂਨੀਵਰਸਿਟੀ ਅੱਗੇ ਪੱਕੇ ਧਰਨੇ ਦਾ ਐਲਾਨ

ਅਜੀਤ ਡੈਸਕ 28-07-2026
ਫ਼ਰੀਦਕੋਟ, 27 ਜੁਲਾਈ (ਸਰਬਜੀਤ ਸਿੰਘ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਫ਼ਰੀਦਕੋਟ ਵਲੋਂ ਲਈ ਗਈ ਫ਼ਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਵਿਚ ਪੇਪਰ ਲੀਕ/ਨਕਲ ਦੇ ਮਾਮਲੇ ਨੂੰ ਲੈ ਕੇ ਫ਼ਰੀਦਕੋਟ ਦੀਆਂ ਜਨਤਕ ਜਥੇਬੰਦੀਆਂ ਵਲੋਂ 29 ਜੁਲਾਈ ਨੂੰ ਯੂਨੀਵਰਸਿਟੀ ਦੇ ਅੱਗੇ ਪੱਕਾ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ। ਜਥੇਬੰਦੀਆਂ ਨੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੇ ਅਸਤੀਫੇ ਸਮੇਤ ਪੇਪਰ ਲੀਕ ਵਿਚ ਸ਼ਾਮਿਲ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਸਿਆਸੀ ਲੀਡਰਾਂ ਨੂੰ ਜਾਂਚ ਵਿਚ ਸ਼ਾਮਿਲ ਕਰਕੇ ਜਾਂਚ ਜਨਤਕ ਕਰਨ ਅਤੇ ਦੋਸ਼ੀਆਂ ’ਤੇ ਕਾਰਵਾਈ ਦੀ ਮੰਗ ਕੀਤੀ ਹੈ। ਇੱਥੇ ਜ਼ਿਕਰਯੋਗ ਹੈ ਕੇ ਇਹ ਪ੍ਰੀਖਿਆ 19 ਜੁਲਾਈ ਨੂੰ ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ 454 ਫਾਰਮੇਸੀ ਅਫਸਰਾਂ ਦੀ ਭਰਤੀ ਲਈ ਯੂਨੀਵਰਸਿਟੀ ਵਲੋਂ ਫ਼ਰੀਦਕੋਟ, ਕੋਟਕਪੂਰਾ ਤੇ ਫ਼ਿਰੋਜ਼ਪੁਰ ਦੇ ਕਈ ਕੇਂਦਰਾਂ ਵਿਚ ਆਯੋਜਿਤ ਕੀਤੀ ਗਈ ਸੀ। ਇਸ ਦੌਰਾਨ ਹਾਈ-ਟੈਕ ਨਕਲ ਗਿਰੋਹ ਦਾ ਪਰਦਾਫਾਸ਼ ਹੋਇਆ ਸੀ, ਜਿਸ ਵਿਚ ਬਲੂਟੁੱਥ ਡਿਵਾਈਸਾਂ, ਪੈੱਨ ਕੈਮਰੇ ਤੇ ਵਾਇਰਲੈਸ ਉਪਕਰਣਾਂ ਦੀ ਵਰਤੋਂ ਕੀਤੀ ਗਈ ਸੀ। ਪੁਲਿਸ ਨੇ ਲਗਪਗ 35 ਲੋਕਾਂ (ਜਿਨ੍ਹਾਂ ਵਿਚ 28 ਉਮੀਦਵਾਰ ਸ਼ਾਮਿਲ) ਨੂੰ ਹਿਰਾਸਤ ਵਿਚ ਲਿਆ ਸੀ। ਪੁਲਿਸ ਤੇ ਯੂਨੀਵਰਸਿਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਰੀਅਲ-ਟਾਈਮ ਨਕਲ ਦਾ ਮਾਮਲਾ ਸੀ, ਨਾ ਕਿ ਪਹਿਲਾਂ ਤੋਂ ਪੇਪਰ ਲੀਕ, ਪਰ ਵਿਰੋਧੀ ਧਿਰਾਂ ਤੇ ਉਮੀਦਵਾਰਾਂ ਵਲੋਂ ਇਸ ਨੂੰ ਪੇਪਰ ਲੀਕ ਘੋਟਾਲਾ ਕਰਾਰ ਦਿੱਤਾ ਜਾ ਰਿਹਾ ਹੈ। ਜਥੇਬੰਦੀਆਂ ਨੇ ਆਪਣੇ ਐਲਾਨ ਵਿਚ ਕਿਹਾ ਕਿ ਇਸ ਮਾਮਲੇ ਵਿਚ ਪਾਰਦਰਸ਼ੀ ਜਾਂਚ ਨਹੀਂ ਹੋਈ ਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦਾ ਤਰੱਕ ਹੈ ਕਿ ਪੇਪਰ ਸਮਾਪਤ ਹੋਣ ਤੋਂ ਪਹਿਲਾਂ ਬਾਹਰ ਆਉਣਾ ਅਤੇ ਹੱਲ ਕਰਕੇ ਅੰਦਰ ਪਹੁੰਚਾਉਣਾ ਵੀ ਪੇਪਰ ਲੀਕ ਦਾ ਹੀ ਮਾਮਲਾ ਹੈ। ਇਸ ਤੋਂ ਇਲਾਵਾ ਫ਼ਰੀਦਕੋਟ ਦੇ ਇਕ ਪ੍ਰੀਖਿਆ ਕੇਂਦਰ ਵਿਚ ਪਿ੍ਰੰਸੀਪਲ ਵਲੋਂ ਆਪਣੇ ਹੀ ਸੱਤ ਦੇ ਕਰੀਬ ਰਿਸ਼ੇਦਾਰਾਂ ਤੇ ਨਜ਼ਦੀਕੀਆਂ ਦੀ ਡਿਊਟੀ ਲਗਵਾ ਕੇ ਜ਼ਿਲ੍ਹੇ ਦੇ ਦੋ ਵਿਧਾਇਕਾਂ ਦੇ ਚਹੇਤਿਆਂ ਨੂੰ ਪੇਪਰ ਕਰਵਾਉਣ ਦੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਵਲੋਂ ਯੂਨੀਵਰਸਿਟੀ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਦੋਵੇਂ ਘਟਨਾਵਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਦੋਸ਼ੀਆਂ ਨੂੰ ਸਖ਼ਤੀ ਨਾਲ ਸਜ਼ਾ ਦਿੱਤੀ ਜਾਵੇ ਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਰੋਕਣ ਲਈ ਕਠੋਰ ਉਪਾਅ ਕੀਤੇ ਜਾਣ। ਉਨ੍ਹਾਂ ਕਿਹਾ ਕਿ ਘਟਨਾ ਦੀ ਸਾਜਿਸ਼ ਫ਼ਾਜ਼ਿਲਕਾ ਦੇ ਇਕ ਪੋਲੀਟੈਕਨਿਕ/ਫਾਰਮੇਸੀ ਕਾਲਜ ਵਿਚ ਰਚੀ ਗਈ ਸੀ, ਜੋ ਕਿ ਜਲੰਧਰ ਤੋਂ ਸੱਤਾਧਾਰੀ ਪਾਰਟੀ ਦੇ ਇਕ ਆਗੂ ਦਾ ਹੈ। ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਯੂਨੀਵਰਸਿਟੀ ਪੇਪਰ ਲੀਕ ਦੇ ਮਾਮਲੇ ’ਤੇ ਦੂਹਰੇ ਮਾਪਦੰਡ ਅਪਣਾ ਰਹੀ ਹੈ, ਨੀਟ ਪੇਪਰ ਲੀਕ ਤੇ ਕੇਂਦਰੀ ਮੰਤਰੀ ਦਾ ਅਸਤੀਫਾ ਮੰਗ ਰਹੀ ਸੀ ਅਤੇ ਖੁਦ ਪੰਜਾਬ ਵਿਚ ਆਪਣੀ ਮੰਤਰੀ ਦਾ ਬਚਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 29 ਜੁਲਾਈ ਨੂੰ ਸਵੇਰੇ 11 ਵਜੇ ਯੂਨੀਵਰਸਿਟੀ ਗੇਟ ਅੱਗੇ ਧਰਨਾ ਲੱਗੇਗਾ। ਜਥੇਬੰਦੀਆਂ ਨੇ ਸਾਰੇ ਉਮੀਦਵਾਰਾਂ, ਵਿਦਿਆਰਥੀਆਂ ਤੇ ਲੋਕਾਂ ਨੂੰ ਇਸ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਧਰਨਾ ਪੱਕੇ ਤੌਰ ’ਤੇ ਜਾਰੀ ਰਹੇਗਾ। ਮੀਟਿੰਗ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਹਰਵੀਰ ਕੌਰ ਗੰਧੜ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਗੁਰਪਾਲ ਸਿੰਘ ਨੰਗਲ, ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਨੌਜਵਾਨ ਭਾਰਤ ਸਭਾ ਦੇ ਲਖਬੀਰ ਸਿੰਘ ਬੀਹਲੇਵਾਲਾ, ਵਿਚਾਰ ਮੰਚ ਦੇ ਗੁਰਦਿਆਲ ਭੱਟੀ, ਡੈਮੋਕਰੇਟਿਕ ਮੁਲਾਜ਼ਮ ਫਰੰਟ ਦੀ ਸਰਬਜੀਤ ਕੌਰ ਮਚਾਕੀ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਰਾਮੇਆਣਾ ਵਿਖੇ ਆਮ ਆਦਮੀ ਕਲੀਨਿਕ ਕੀਤਾ ਲੋਕ ਅਰਪਣ ਅਗਲੀ ਖ਼ਬਰ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਵਿਦਿਆਰਥਣਾਂ ਨੂੰ ਸਕੂਲ ਬੈਗ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।