ਫ਼ਰੀਦਕੋਟ, 13 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਪੂਨਮਦੀਪ ਕੌਰ ਆਈ. ਏ. ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਰੀਦਕੋਟ 'ਚ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਇਹ ਆਦੇਸ਼ 8 ਅਪ੍ਰੈਲ 2026 ਤੱਕ ਲਾਗੂ ਰਹਿਣਗੇ | ਜ਼ਿਲ੍ਹਾ ਮੈਜਿਸਟ੍ਰੇਟ ਪੂਨਮਦੀਪ ਕੌਰ ਵਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਫ਼ਰੀਦਕੋਟ ਦੀ ਸੀਮਾਵਾਂ ਅੰਦਰ ਜ਼ਿਲ੍ਹਾ ਫ਼ਰੀਦਕੋਟ ਦੇ ਸ਼ਹਿਰੀ ਇਲਾਕਿਆਂ ਵਿਚ ਸੰਬੰਧਿਤ ਉਪ ਮੰਡਲ ਮੈਜਿਸਟ੍ਰੇਟ ਦੀ ਪ੍ਰਵਾਨਗੀ ਲਏ ਬਿਨਾਂ ਗਲੀ, ਮੁਹੱਲਿਆ, ਧਾਰਮਿਕ ਜਾਂ ਖ਼ੁਸ਼ੀ ਆਦਿ ਦੇ ਸਮਾਗਮਾਂ ਸਮੇਂ ਪਬਲਿਕ ਸਥਾਨਾਂ 'ਤੇ ਸ਼ਾਮੇਆਣਾ ਲਗਾ ਕੇ ਕੋਈ ਵੀ ਧਾਰਮਿਕ ਪ੍ਰੋਗਰਾਮ, ਜਲਸੇ, ਰੈਲੀਆਂ ਆਦਿ ਨਹੀਂ ਕਰੇਗਾ | ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲੇ੍ਹ 'ਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਦੇ ਮੱਦੇਨਜ਼ਰ ਪੰਜ ਜਾਂ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਜਨਤਕ ਅਤੇ ਸਰਕਾਰੀ ਥਾਵਾਂ 'ਤੇ ਇਕੱਠੇ ਹੋਣ ਜਾਂ ਮੀਟਿੰਗ ਕਰਨ, ਨਾਅਰੇ ਲਾਉਣ, ਜਲਸੇ-ਜਲੂਸ ਤੇ ਰੋਸ ਮੁਜ਼ਾਹਰੇ ਕਰਨ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਦੱਸਿਆ ਕਿ ਸਿਰਫ਼ ਵਿਸ਼ੇਸ਼ ਹਾਲਤਾਂ ਜਾਂ ਮੌਕਿਆਂ 'ਤੇ ਪ੍ਰਬੰਧਕਾਂ ਵਲੋਂ ਲਿਖ਼ਤੀ ਬੇਨਤੀ ਕਰਨ ਤੇ ਸੰਬੰਧਿਤ ਉਪ ਮੰਡਲ ਮੈਜਿਸਟ੍ਰੇਟ ਪਾਸੋਂ ਲਿਖਤੀ ਪ੍ਰਵਾਨਗੀ ਲੈ ਕੇ ਪਬਲਿਕ ਮੀਟਿੰਗਾਂ ਕਰਨ ਅਤੇ ਧਾਰਮਿਕ ਜਲੂਸ ਬਗੈਰਾ ਪ੍ਰਵਾਨਗੀ ਦੀਆਂ ਸ਼ਰਤਾਂ ਅਨੁਸਾਰ ਹੀ ਕੱਢੇ ਜਾ ਸਕਦੇ ਹਨ | ਇਹ ਹੁਕਮ ਸਰਕਾਰੀ ਡਿਊਟੀ ਕਰ ਰਹੇ ਪੁਲਿਸ, ਹੋਮ ਗਾਰਡਜ਼, ਸੈਨਿਕਾਂ/ਅਰਧ ਸੈਨਿਕ ਬਲਾਂ ਅਤੇ ਵਿਆਹ ਸ਼ਾਦੀਆਂ 'ਤੇ ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਜਲੂਸ 'ਤੇ ਲਾਗੂ ਨਹੀਂ ਹੋਵੇਗਾ | ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਨੇ ਕਿਸੇ ਵੀ ਰੈਸਟੋਰੈਂਟ, ਢਾਬੇ ਚਾਹ ਦੀਆਂ ਦੁਕਾਨਾਂ ਆਦਿ ਦੇ ਮਾਲਕਾਂ ਵਲੋਂ ਆਪਣੇ ਵਪਾਰਕ ਸਥਾਨ 'ਤੇ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾਈ ਹੈ | ਇਹ ਪਾਬੰਦੀ 8 ਅਪ੍ਰੈਲ 2026 ਤੱਕ ਲਾਗੂ ਰਹੇਗੀ | ਜ਼ਿਲ੍ਹਾ ਫ਼ਰੀਦਕੋਟ ਅੰਦਰ ਦੋ ਪਹੀਆਂ ਵਹੀਕਲਾਂ ਪਿੱਛੇ ਤੀਹਰੀ ਸਵਾਰੀ (ਸਿਵਾਏ ਬੱਚੇ) ਬਿਠਾਉਣ, ਬਿਨਾਂ ਨੰਬਰ ਪਲੇਟਾਂ ਦੇ, 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਵਹੀਕਲਾਂ (ਮੋਟਰਸਾਈਕਲ ਅਤੇ ਸਕੂਟਰ) ਦੀ ਵਰਤੋਂ ਕਰਨ ਅਤੇ ਵੱਖ-ਵੱਖ ਆਵਾਜ਼ਾਂ ਵਾਲੇ ਹਾਰਨ ਅਤੇ ਵਹੀਕਲਾਂ ਦੇ ਸੈਲੰਸਰ ਕੱਢਵਾ ਕੇ ਵੱਖਰੀ ਕਿਸਮ ਦੀਆਂ ਡਰਾਉਣੀਆਂ/ਦਿਲ ਕੰਬਾਊ ਆਵਾਜ਼ਾਂ ਪੈਦਾ ਕਰਨ ਤੇ ਪੂਰਨ ਤੌਰ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ ¢ ਇਹ ਪਾਬੰਦੀ 8 ਅਪ੍ਰੈਲ 2026 ਤੱਕ ਜਾਰੀ ਰਹੇਗੀ | ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲ੍ਹੇ 'ਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਦੇ ਮੱਦੇਨਜ਼ਰ ਜ਼ਿਲ੍ਹਾ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ, ਐਸ. ਐਸ. ਪੀ., ਸਮੂਹ ਉਪ ਮੰਡਲ ਮੈਜਿਸਟ੍ਰੇਟ ਅਤੇ ਜੁਡੀਸ਼ੀਅਲ ਕੰਪਲੈਕਸ ਦੇ ਦਫ਼ਤਰਾਂ ਦੀ ਬਾਉਂਡਰੀ ਦੇ ਅੰਦਰ ਅਤੇ ਜਨਤਕ ਥਾਵਾਂ ਜਿਵੇਂ ਕਿ ਮੈਰਿਜ ਪੈਲੇਸ, ਹੋਟਲ ਸਰਾਂ, ਢਾਬਿਆਂ, ਹਸਪਤਾਲਾਂ ਆਦਿ ਅਤੇ ਭੀੜ ਵਾਲੇ ਇਲਾਕਿਆਂ, ਧਾਰਮਿਕ ਸਥਾਨਾਂ 'ਤੇ ਮੇਲਿਆਂ ਆਦਿ ਵਿਖੇ ਲਾਇਸੰਸੀ ਹਥਿਆਰ ਲਿਜਾਣ ਅਤੇ ਪ੍ਰਦਰਸ਼ਨ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਅਤੇ ਇਸ ਦੇ ਨਾਲ ਹੀ ਪੂਰੇ ਜ਼ਿਲ੍ਹਾ ਫ਼ਰੀਦਕੋਟ ਦੀ ਹਦੂਦ ਅੰਦਰ ਅਸਲ੍ਹਾ ਲਾਇਸੰਸ ਹੋਲਡਰ ਵਲੋਂ ਅਸਲਾ ਡੱਬ ਵਿਚ ਛੁਪਾ ਕੇ ਚੱਲਣ 'ਤੇ ਵੀ ਪਾਬੰਦੀ ਲਗਾਈ ਹੈ ਕੋਈ ਵੀ ਅਸਲਾ ਲਾਇਸੈਂਸ ਹੋਲਡਰ ਜੇਕਰ ਅਸਲਾ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ, ਤਾਂ ਉਨ੍ਹਾਂ ਦਾ ਅਸਲਾ ਬੈਲਟ ਲਗਾ ਕੇ ਕਵਰ ਵਿਚ ਹੋਣਾ ਚਾਹੀਦਾ ਹੈ ਅਤੇ ਨਜ਼ਰ ਆਉਣਾ ਚਾਹੀਦਾ ਹੈ, ਤਾਂ ਕਿ ਛੁਪਾ ਕੇ ਬਿਨਾ ਲਾਈਸੈਂਸ ਅਸਲਾ ਰੱਖਣ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ | ਇਸ ਦੇ ਨਾਲ ਹੀ ਨੰਗੀਆਂ ਤਲਵਾਰਾਂ, ਬਰਸ਼ੇ ਅਤੇ ਕਿਸੇ ਵੀ ਤਰ੍ਹਾਂ ਦੇ ਤੇਜ਼ਧਾਰ ਹਥਿਆਰ ਲੈ ਕੇ ਚੱਲਣ ਅਤੇ ਪ੍ਰਦਰਸ਼ਨ 'ਤੇ ਵੀ ਪਾਬੰਦੀ ਲਗਾਈ ਗਈ ਹੈ | ਇਹ ਪਾਬੰਦੀ 8 ਅਪ੍ਰੈਲ 2026 ਤੱਕ ਲਾਗੂ ਰਹੇਗੀ |