ਮਲੋਟ, 13 ਫ਼ਰਵਰੀ (ਅਜਮੇਰ ਸਿੰਘ ਬਰਾੜ)-ਮਲੋਟ ਦੇ ਫ਼ਾਜ਼ਿਲਕਾ ਚੌਕ ਵਿਚ ਸਥਿਤ ਇਕ ਫ਼ੋਟੋ ਸਟੂਡੀਓ ਤੋਂ ਦਿਨ-ਦਿਹਾੜੇ ਹੀ ਹਥਿਆਰਾਂ ਦੀ ਨੋਕ 'ਤੇ ਦੋ ਵਿਅਕਤੀ ਕੈਮਰਾ ਤੇ ਹੋਰ ਸਾਮਾਨ ਖੋਹ ਕੇ ਫ਼ਰਾਰ ਹੋ ਗਏ | ਦੁਕਾਨ 'ਤੇ ਕੰਮ ਕਰਨ ਵਾਲੇ ਲੜਕੇ ਨੇ ਦੱਸਿਆ ਕਿ ਉਸ ਕੋਲ ਫ਼ੋਟੋ ਕਰਵਾਉਣ ਦੇ ਬਹਾਨੇ ਪਹਿਲਾਂ ਇਕ ਵਿਅਕਤੀ ਤੇ ਫ਼ਿਰ ਦੂਜਾ ਵਿਅਕਤੀ ਉਸ ਕੋਲ ਆਇਆ ਅਤੇ ਉਸ ਨੇ ਕਾਪੇ ਤੇ ਦੂਜੇ ਨੇ ਪਿਸਟਲ ਦਿਖਾ ਕੇ ਉਸ ਤੋਂ ਪਹਿਲਾਂ ਕੈਮਰਾ ਤੇ ਫ਼ਿਰ ਡਰੋਨ ਦੀ ਕਿੱਟ ਲੈ ਕੇ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ | ਉਸ ਨੇ ਦੱਸਿਆ ਕਿ ਉਨ੍ਹਾਂ ਨੇ ਮੋਟਰਸਾਈਕਲ ਵੀ ਉਨ੍ਹਾਂ ਦੇ ਪਿੱਛੇ ਲਗਾਇਆ, ਪਰ ਲੁਟੇਰੇ ਉਨ੍ਹਾਂ ਦੇ ਹੱਥ ਨਾ ਆਏ | ਉਸ ਨੇ ਦੱਸਿਆ ਕਿ ਮੋਟਰਸਾਈਕਲ ਉੱਪਰ ਕੋਈ ਵੀ ਨੰਬਰ ਨਹੀਂ ਲਿਖਿਆ ਹੋਇਆ ਸੀ | ਦੁਕਾਨ ਦੇ ਮਾਲਕ ਗੁਰਮੀਤ ਸਿੰਘ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਫ਼ੋਟੋਗ੍ਰਾਫ਼ੀ ਦੀ ਦੁਕਾਨ 'ਚੋਂ ਦੋ ਵਿਅਕਤੀ ਹਥਿਆਰਾਂ ਦੀ ਨੋਕ 'ਤੇ ਸਟੂਡੀਓ ਵਿਚੋਂ ਕੈਮਰਾ ਤੇ ਡਰੋਨ ਦੀ ਕਿੰਟ ਅਤੇ ਹੋਰ ਸਾਮਾਨ ਲੈ ਗਏ | ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਓਧਰ ਗੱਲਬਾਤ ਕਰਦਿਆਂ ਥਾਣਾ ਸਦਰ ਮਲੋਟ ਐੱਸ. ਐੱਚ. ਓ. ਕਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਅਮਨ ਸਟੂਡੀਓ ਫ਼ਾਜ਼ਿਲਕਾ ਚੌਕ ਮਲੋਟ ਵਿਖੇ ਦੋ ਵਿਅਕਤੀ ਫ਼ੋਟੋ ਕਰਵਾਉਣ ਦੇ ਬਹਾਨੇ ਆਏ, ਪਰ ਉਨ੍ਹਾਂ ਨੇ ਫ਼ੋਟੋ ਕਰਵਾਉਣ ਤੋਂ ਪਹਿਲਾਂ ਹੀ ਇਕੱਲਾ ਕੈਮਰਾਮੈਨ ਦੇਖਦਿਆਂ ਕਾਪਾ ਦਿਖਾ ਕੇ ਕੈਮਰਾ ਅਤੇ ਹੋਰ ਸਾਮਾਨ ਦੀ ਲੁੱਟ-ਖੋਹ ਕੀਤੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਲੁਟੇਰਿਆਂ ਨੂੰ ਬਹੁਤ ਜਲਦ ਹੀ ਫ਼ੜ੍ਹਲਿਆ ਜਾਵੇਗਾ |