ਫ਼ਰੀਦਕੋਟ, 13 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਪੁਲਿਸ ਵਲੋਂ ਜੇਲ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ 'ਚ ਅਚਾਨਕ ਤੇ ਵਿਸਤਿ੍ਤ ਚੈਕਿੰਗ ਮੁਹਿੰਮ ਚਲਾਈ ਗਈ | ਇਹ ਚੈਕਿੰਗ ਮੁਹਿੰਮ ਸ਼ੁੱਕਰਵਾਰ ਨੂੰ ਲਗਪਗ 100 ਪੁਲਿਸ ਮੁਲਾਜ਼ਮਾਂ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਕੀਤੀ ਗਈ | ਇਹ ਸਰਚ ਆਪ੍ਰੇਸ਼ਨ ਐਸ. ਪੀ. (ਸਥਾਨਕ) ਫ਼ਰੀਦਕੋਟ ਮਨਵਿੰਦਰ ਬੀਰ ਸਿੰਘ ਦੀ ਨਿਗਰਾਨੀ ਹੇਠ ਚਲਾਇਆ, ਜਿਸ ਦੌਰਾਨ ਉਨ੍ਹਾਂ ਨਾਲ ਜਗਤਾਰ ਸਿੰਘ ਡੀ. ਐਸ. ਪੀ. (ਸੀ. ਐਡ. ਡਬਲਿਊ) ਫ਼ਰੀਦਕੋਟ ਸਮੇਤ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ | ਜਿਸ ਦੌਰਾਨ ਪੁਲਿਸ ਦੀਆਂ ਵੱਖ-ਵੱਖ ਟੀਮੰ ਬਣਾ ਕੇ ਜੇਲ੍ਹ ਦੇ ਹਰ ਹਿੱਸੇ ਦੀ ਜਾਂਚ ਕੀਤੀ ਗਈ, ਜਿਸ 'ਚ ਕੈਦੀਆਂ ਦੇ ਬੈਰਕ, ਕੰਟੀਨ, ਬਾਥਰੂਮ, ਚਾਰਦੀਵਾਰੀ, ਨਿਗਰਾਨੀ ਕੈਮਰੇ ਤੇ ਹੋਰ ਸੁਰੱਖਿਆ ਪ੍ਰਣਾਲੀਆਂ ਦੀ ਗਹਿਰੀ ਜਾਂਚ ਕੀਤੀ ਗਈ | ਇਸ ਸੰਬੰਧੀ ਮਨਵਿੰਦਰ ਬੀਰ ਸਿੰਘ ਐਸ. ਪੀ. (ਸਥਾਨਕ) ਫ਼ਰੀਦਕੋਟ ਨੇ ਦੱਸਿਆ ਕਿ ਫ਼ਰੀਦਕੋਟ ਪੁਲਿਸ ਵਲੋਂ ਇਹ ਚੈਕਿੰਗ ਡੀ. ਐਸ. ਪੀ. ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਜੇਲ੍ਹ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਪੁਲਿਸ ਕਰਮਚਾਰੀਆਂ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਕੀਤੀ ਗਈ ਹੈ | ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਜੇਲ੍ਹ ਦੇ ਹਰ ਹਿੱਸੇ ਦੀ ਵਧੀਆ ਤਰੀਕੇ ਨਾਲ ਜਾਂਚ ਕੀਤੀ, ਜਿਸ 'ਚ ਬੈਰਕਾਂ, ਕੰਟੀਨ, ਬਾਥਰੂਮ, ਚਾਰਦੀਵਾਰੀ ਤੇ ਨਿਗਰਾਨੀ ਕੈਮਰਿਆਂ ਦੀ ਜਾਂਚ ਵੀ ਸ਼ਾਮਿਲ ਸੀ | ਮਹਿਲਾ ਬੈਰਕਾਂ ਦੀ ਜਾਂਚ ਮਹਿਲਾ ਪੁਲਿਸ ਮੁਲਾਜ਼ਮਾਂ ਵਲੋਂ ਵਿਸ਼ੇਸ਼ ਸੰਵੇਦਨਸ਼ੀਲਤਾ ਅਤੇ ਸੁਰੱਖਿਆ ਨਿਯਮਾਂ ਦੇ ਤਹਿਤ ਕੀਤੀ ਗਈ, ਜਿਸ ਦੌਰਾਨ ਮਹਿਲਾ ਕੈਦੀਆਂ ਦੀ ਪ੍ਰਾਈਵੇਸੀ ਨੂੰ ਪੂਰਾ ਸਨਮਾਨ ਦਿੱਤਾ ਗਿਆ | ਐਸ. ਐਸ. ਪੀ. ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਟੀਮਾਂ ਵਲੋਂ ਇਹ ਚੈਕਿੰਗ ਕਿਸੇ ਵੀ ਗੈਰਕਾਨੂੰਨੀ ਚੀਜ਼ ਜਾਂ ਨਸ਼ੀਲੇ ਪਦਾਰਥ ਦੀ ਚੈਕਿੰਗ ਤੇ ਜੇਲ੍ਹ ਦੇ ਅੰਦਰ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਲਈ ਕੀਤੀ ਗਈ | ਇਹ ਮੁਹਿੰਮ ਗੁਪਤ ਰੱਖੀ ਗਈ ਤਾਂ ਜੋ ਕੋਈ ਸ਼ਰਾਰਤੀ ਤੱਤ ਇਸ ਦੀ ਜਾਣਕਾਰੀ ਲੈ ਕੇ ਬਚ ਨਾ ਸਕਣ |