ਨੱਥੂਵਾਲਾ ਗਰਬੀ, 13 ਫਰਵਰੀ (ਨਵਦੀਪ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ, ਜਰਨਲ ਸਕੱਤਰ ਰਾਣਾ ਰਣਬੀਰ ਸਿੰਘ, ਬੀ.ਕੇ.ਯੂ. ਬਹਿਰਾਮ ਕੇ ਦੇ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ, ਬੀ. ਕੇ. ਯੂ. ਏਕਤਾ ਆਜ਼ਾਦ ਦੇ ਸੂਬਾ ਆਗੂ ਲਖਵੀਰ ਸਿੰਘ, ਬੀ. ਕੇ. ਯੂ. ਕ੍ਰਾਂਤੀਕਾਰੀ ਦੇ ਸੂਬਾ ਆਗੂ ਜਗਮੋਹਨ ਸਿੰਘ ਨੇ ਸਾਂਝੇ ਪੈੱ੍ਰਸ ਬਿਆਨ ਰਾਹੀਂ ਦੱਸਿਆ ਕਿ 16 ਫਰਵਰੀ ਨੂੰ ਆਮ ਆਦਮੀ ਪਾਰਟੀ ਵਲੋਂ ਕਿੱਲੀ ਚਾਹਲਾ ਵਿਖੇ ਜੋ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ ਉਸ ਵਿਚ ਸ਼ਾਮਿਲ ਹੋਣ ਲਈ ਪੰਜਾਬ ਦੇ ਮੁੱਖ ਮੰਤਰੀ ਤੇ ਦਿੱਲੀ ਤੋਂ ਆਏ ਹੋਏ ਆਮ ਆਦਮੀ ਪਾਰਟੀ ਦੇ ਮੁੱਖ ਆਗੂ ਆ ਰਹੇ ਹਨ | ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰਨ ਵਾਲੇ ਮੁੱਖ ਮੰਤਰੀ ਤੇ ਦੂਸਰੇ ਆਗੂਆਂ ਦਾ ਕਿਸਾਨ ਮਜ਼ਦੂਰ ਮੋਰਚੇ ਵਲੋਂ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਵਲੋਂ ਸਖਤ ਵਿਰੋਧ ਕੀਤਾ ਜਾਵੇਗਾ ਤੇ ਸਵਾਲ ਪੁੱਛੇ ਜਾਣਗੇ | ਇਹ ਐਕਸ਼ਨ ਪੂਰਨ ਰੂਪ ਵਿਚ ਸ਼ਾਂਤਮਈ ਹੋਵੇਗਾ | ਕਿਸਾਨ ਆਗੂਆਂ ਨੇ ਦੱਸਿਆ ਕਿ ਭਗਵੰਤ ਮਾਨ ਦੀ ਸਰਕਾਰ ਵਲੋਂ ਕੇਂਦਰ ਸਰਕਾਰ ਤੇ ਕੇਜਰੀਵਾਲ ਦੇ ਦਬਾਅ ਹੇਠ ਸ਼ੰਭੂ, ਖਨੌਰੀ ਬਾਰਡਰਾਂ 'ਤੇ ਚੱਲ ਰਹੇ ਪੱਕੇ ਮੋਰਚਿਆਂ ਨੂੰ ਧੋਖੇ ਨਾਲ ਮੀਟਿੰਗ ਵਿਚ ਸ਼ਾਮਿਲ ਹੋਏ ਕਿਸਾਨ ਆਗੂਆਂ ਨੂੰ ਗਿ੍ਫਤਾਰ ਕਰਨ ਉਪਰੰਤ ਖਦੇੜਿਆ ਸੀ ਤੇ ਟਰੈਕਟਰ ਟਰਾਲੀਆਂ ਸਮੇਤ ਕਰੋੜਾਂ ਰੁਪਏ ਦੇ ਸਮਾਨ ਦੀ ਭੰਨ ਤੋੜ ਕੀਤੀ ਤੇ ਚੋਰੀ ਕੀਤਾ ਸੀ | ਇਸੇ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਕੇਂਦਰ ਸਰਕਾਰ ਵਲੋਂ ਲਿਆਂਦੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਨੀਤੀਆਂ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਕੇ ਤੇ ਨਸ਼ਿਆਂ ਤੇ ਗੈਂਗਸਟਰ ਦੇ ਬਹਾਨੇ ਆਮ ਲੋਕਾਂ ਨੂੰ ਜੇਲ੍ਹਾਂ ਵਿਚ ਡੱਕਣ, ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਤੇ ਉਨ੍ਹਾਂ ਦੇ ਘਰ ਢਾਹੁਣ ਦਾ ਕੰਮ ਕਰ ਰਹੀ ਹੈ | ਇਨ੍ਹਾਂ ਮੁੱਦਿਆਂ ਸਬੰਧੀ ਮੁੱਖ ਮੰਤਰੀ ਤੋਂ ਸਵਾਲ ਪੁੱਛੇ ਜਾਣਗੇ ਤੇ ਇਹ ਜਨਤਾ ਦਾ ਮੌਲਿਕ ਤੇ ਲੋਕਤੰਤਰੀ ਹੱਕ ਹੈ | ਇਸ ਮੌਕੇ ਬੀ.ਕੇ.ਯੂ. ਏਕਤਾ ਆਜ਼ਾਦ ਦੇ ਆਗੂ ਰਾਜੂ ਪੱਤੋ, ਬੀ.ਕੇ.ਯੂ. ਬਹਿਰਾਮ ਕੇ ਜਸਵੰਤ ਸਿੰਘ ਗੜਾ, ਬੀ. ਕੇ. ਯੂ. ਕ੍ਰਾਂਤੀਕਾਰੀ ਦੇ ਗੁਰਦੀਪ ਸਿੰਘ ਵੈਰੋਕੇ, ਅਵਤਾਰ ਸਿੰਘ ਧਰਮ ਸਿੰਘ ਵਾਲਾ ਆਦਿ ਆਗੂ ਹਾਜ਼ਰ ਸਨ |