14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਗਿੱਦੜਬਾਹਾ ਪੁਲਿਸ ਨੇ ਈ-ਰਿਕਸ਼ਾ ਵਾਲਿਆਂ 'ਤੇ ਸ਼ਿਕੰਜਾ ਕੱਸਿਆ

ਅਜੀਤ ਡੈਸਕ 15-02-2026
ਗਿੱਦੜਬਾਹਾ, 14 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਪੁਲਿਸ ਵਲੋਂ ਸ਼ਹਿਰ ਅੰਦਰ ਚੱਲ ਰਹੇ ਬੇਲਗਾਮ ਈ-ਰਿਕਸ਼ਾ ਵਾਲਿਆਂ 'ਤੇ ਹੁਣ ਸ਼ਿਕੰਜਾ ਕਸਦਿਆਂ ਪਛਾਣ ਸਟਿੱਕਰ ਲਗਾਉਣੇ ਜ਼ਰੂਰੀ ਕਰ ਦਿੱਤੇ ਗਏ ਹਨ | ਪੁਲਿਸ ਅਧਿਕਾਰੀ ਵਲੋਂ ਈ-ਰਿਕਸ਼ਾ ਮਾਲਕਾਂ ਨੂੰ ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਸ਼ਹਿਰ ਗਿੱਦੜਬਾਹਾ ਵਿਚ 400 ਤੋਂ ਵੱਧ ਈ-ਰਿਕਸ਼ਾ ਚੱਲ ਰਹੇ ਹਨ, ਜਿਨ੍ਹਾਂ ਨੇ ਕੋਈ ਰਜਿਸਟੇ੍ਰਸ਼ਨ ਨਹੀਂ ਕਰਵਾਈ ਅਤੇ ਨਾ ਹੀ ਚਾਲਕ ਕੋਲ ਕੋਈ ਡਰਾਈਵਿੰਗ ਲਾਇਸੰਸ ਹੁੰਦਾ ਹੈ | ਇਥੇ ਹੀ ਬੱਸ ਨਹੀਂ, ਨਾਬਾਲਗ ਵੀ ਈ-ਰਿਕਸ਼ਾ ਚਲਾ ਰਹੇ ਹਨ | ਅਜਿਹੇ ਈ-ਰਿਕਸ਼ਾ ਵਾਲੇ ਸ਼ਹਿਰ ਦੀਆਂ ਸੜਕਾਂ 'ਤੇ ਝੁੰਡਾਂ ਵਿਚ ਚੱਲਦੇ ਕਈ ਹਾਦਸਿਆਂ ਦਾ ਕਾਰਨ ਬਣਦੇ ਆ ਰਹੇ ਹਨ | ਸਮੇਂ-ਸਮੇਂ 'ਤੇ ਮੀਡੀਆ ਵਿਚ ਆ ਰਹੀਆਂ ਖ਼ਬਰਾਂ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਇਨ੍ਹਾਂ 'ਤੇ ਕੋਈ ਕਾਰਵਾਈ ਕਰਨੀ ਮੁਨਾਸਬ ਨਹੀਂ ਸਮਝੀ ਗਈ | ਗਿੱਦੜਬਾਹਾ ਵਿਖੇ ਨਵ-ਨਿਯੁਕਤ ਥਾਣਾ ਮੁਖੀ ਹਰਗੋਬਿੰਦ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਵਿਸ਼ੇਸ਼ ਤੌਰ 'ਤੇ ਸਾਹਮਣੇ ਆਇਆ ਸੀ ਕਿ ਈ-ਰਿਕਸ਼ਾ ਵਾਲੇ ਆਪਣੀ ਮਨਮਰਜ਼ੀ ਕਰ ਰਹੇ ਹਨ ਅਤੇ ਟ੍ਰੈਫ਼ਿਕ ਨਿਯਮਾ ਦੀ ਉਲੰਘਣਾ ਕਰਦੇ ਹਨ | ਇਸ ਲਈ ਹੁਣ ਇਕ ਅਜਿਹਾ ਸਟਿੱਕਰ ਤਿਆਰ ਕੀਤਾ ਗਿਆ ਹੈ ਕਿ ਜਿਸ ਉਪਰ ਈ-ਰਿਕਸ਼ਾ ਚਾਲਕ ਦੀ ਫ਼ੋਟੋ, ਸੀਰੀਅਲ ਨੰਬਰ ਤੇ ਉਸ ਦਾ ਪੂਰਾ ਪਤਾ ਲਿਖਿਆ ਹੋਣਾ ਜ਼ਰੂਰੀ ਹੈ ਅਤੇ ਸਟਿੱਕਰ ਈ-ਰਿਕਸ਼ਾ ਦੇ ਅੱਗੇ ਤੇ ਪਿਛਲੇ ਪਾਸੇ ਚਿਪਕਾਇਆ ਹੋਣਾ ਜ਼ਰੂਰੀ ਹੋਵੇਗਾ, ਤਾਂ ਕਿ ਜੇਕਰ ਕਿਸੇ ਵੀ ਸਵਾਰੀ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਵੀ ਜਾਵੇ ਤਾਂ ਉਸ ਈ-ਰਿਕਸ਼ਾ ਦੀ ਜਲਦੀ ਨਾਲ ਪਛਾਣ ਹੋ ਸਕੇਗੀ | ਉਨ੍ਹਾਂ ਦੱਸਿਆ ਕਿ ਈ-ਰਿਕਸ਼ਾ ਚਾਲਕ ਦੇ ਖ਼ਾਸ ਵਰਦੀ ਤੇ ਡਰਾਈਵਿੰਗ ਲਾਇਸੰਸ ਹੋਣਾ ਲਾਜ਼ਮੀ ਹੋਵੇਗਾ | ਜਿਹੜਾ ਵੀ ਟ੍ਰੈਫ਼ਿਕ ਦੀ ਪਾਲਣਾ ਨਾ ਕਰੇਗਾ ਤਾਂ ਉਸ ਉਪਰ ਸਖ਼ਤ ਕਾਰਵਾਈ ਹੋਵੇਗੀ | ਥਾਣਾ ਮੁਖੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਘਰਾਂ ਵਿਚ ਕੋਈ ਪ੍ਰਵਾਸੀ ਕਿਰਾਏ 'ਤੇ ਰਹਿ ਰਿਹਾ ਹੈ ਤਾਂ ਉਸ ਦੀ ਪੂਰੀ ਪਛਾਣ ਰੱਖੀ ਜਾਵੇ ਅਤੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ | ਇਸ ਮੌਕੇ ਪੀ.ਸੀ.ਆਰ. ਇੰਚਾਰਜ ਜਗਸੀਰ ਪੁਰੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਮਲੋਟ ਵਿਖੇ ਗੁਰਦੁਆਰਾ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਅਗਲੀ ਖ਼ਬਰ ਪੁਲਿਸ ਵਲੋਂ ਲੋਕਾਂ ਦੀ ਸੁਰੱਖਿਆ ਲਈ ਰੇਲਵੇ ਸਟੇਸ਼ਨਾਂ ਦੀ ਵਿਸ਼ੇਸ਼ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।