14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਮਲੋਟ ਵਿਖੇ ਗੁਰਦੁਆਰਾ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ

ਅਜੀਤ ਡੈਸਕ 15-02-2026
ਮਲੋਟ, 14 ਫ਼ਰਵਰੀ (ਪਾਟਿਲ, ਅਜਮੇਰ ਸਿੰਘ ਬਰਾੜ)- ਜੀ.ਟੀ. ਰੋਡ 'ਤੇ ਸਥਿਤ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਤਕਰਾਰ ਇਸ ਕਦਰ ਵਧ ਗਈ ਕਿ ਸੰਗਤ ਦੀ ਹਾਜ਼ਰੀ ਵਿਚ ਹੀ ਹੱਥੋਪਾਈ ਹੋ ਗਈ | ਦੋਸ਼ ਹੈ ਕਿ ਇਸ ਦੌਰਾਨ ਇਕ-ਦੂਜੇ ਦੀਆਂ ਪੱਗਾਂ ਉਤਾਰੀਆਂ ਗਈਆਂ ਅਤੇ ਗਾਲੀ-ਗਲੋਚ ਵੀ ਕੀਤੀ ਗਈ | ਇਹ ਸਾਰਾ ਵਰਤਾਰਾ ਗੁਰਦੁਆਰਾ ਸਾਹਿਬ ਦੀ ਸੀ.ਸੀ.ਟੀ.ਵੀ. ਫ਼ੁਟੇਜ ਵਿਚ ਕੈਦ ਹੋ ਗਿਆ | ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਵਿਚਕਾਰ ਖਿੱਚੋਤਾਣ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ | ਬੀਤੀ ਸ਼ਾਮ ਗੁਰਦੁਆਰਾ ਗੋਨਿਆਣਾ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਲਈ ਸੰਗਤ ਨੂੰ ਬੱਸਾਂ ਰਾਹੀਂ ਲਿਜਾਣ ਦੇ ਇੰਤਜ਼ਾਮਾਂ ਦੌਰਾਨ ਦੋਵਾਂ ਪਾਸਿਆਂ ਵਿਚਕਾਰ ਤਕਰਾਰ ਹੋਈ, ਜੋ ਜਲਦੀ ਹੀ ਲੜਾਈ ਵਿਚ ਤਬਦੀਲ ਹੋ ਗਈ | ਮੌਜੂਦਾ ਗੁਰਦੁਆਰਾ ਕਮੇਟੀ ਵਲੋਂ ਇਸ ਸੰਬੰਧੀ ਥਾਣਾ ਸਿਟੀ ਮਲੋਟ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਦਕਿ ਦੂਜੀ ਧਿਰ ਦੇ ਇਕ ਵਿਅਕਤੀ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਮਲੋਟ ਵਿਚ ਦਾਖ਼ਲ ਕਰਵਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਲੜਕੇ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਸ਼ਾਂਤਮਈ ਢੰਗ ਨਾਲ ਸਮਾਗਮ ਲਈ ਸੰਗਤ ਨੂੰ ਲਿਜਾਣ ਦੀਆਂ ਤਿਆਰੀਆਂ ਕਰ ਰਹੇ ਸਨ, ਪਰ ਦੂਜੀ ਧਿਰ ਵਲੋਂ ਖਿੱਚੋਤਾਣ ਕਰਦੇ ਹੋਏ ਕਮੇਟੀ ਮੈਂਬਰਾਂ ਤੇ ਸੇਵਾਦਾਰਾਂ ਦੀਆਂ ਪੱਗਾਂ ਉਤਾਰ ਦਿੱਤੀਆਂ ਗਈਆਂ | ਉਧਰ ਦੂਜੀ ਧਿਰ ਨੇ ਮੌਜੂਦਾ ਕਮੇਟੀ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਕਰੀਬ 8 ਮਹੀਨੇ ਪਹਿਲਾਂ ਇਕ ਮੀਟਿੰਗ ਉਪਰੰਤ ਉਨ੍ਹਾਂ ਨੂੰ ਪ੍ਰਬੰਧ ਸੰਭਾਲਣ ਲਈ ਲਿਖ਼ਤੀ ਆਗਿਆ ਮਿਲੀ ਸੀ, ਪਰ ਮੌਜੂਦਾ ਕਮੇਟੀ ਨੇ ਸੇਵਾ ਛੱਡਣ ਤੋਂ ਇਨਕਾਰ ਕਰ ਦਿੱਤਾ | ਨਾਲ ਹੀ ਫ਼ੰਡਾਂ ਵਿਚ ਗੜਬੜ ਦੇ ਦੋਸ਼ ਵੀ ਲਗਾਏ ਗਏ | ਮੌਜੂਦਾ ਕਮੇਟੀ ਨੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਸੰਗਤ ਦੇ ਫ਼ੈਸਲੇ ਅਨੁਸਾਰ ਹੀ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਰਹੇ ਹਨ | ਇਸ ਮੌਕੇ ਇਕੱਠੀ ਹੋਈ ਸੰਗਤ ਵਲੋਂ ਵੀ ਮੌਜੂਦਾ ਕਮੇਟੀ 'ਤੇ ਵਿਸ਼ਵਾਸ ਜਤਾਇਆ ਗਿਆ | ਉਧਰ ਸ਼ਹਿਰ ਦੇ ਸਿੱਖ ਭਾਈਚਾਰੇ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਇਸ ਘਟਨਾ ਦੀ ਕੜੀ ਨਿਖੇਧੀ ਕਰਦਿਆਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਦਿਲ ਦਾ ਦੌਰਾ ਪੈਣ ਕਾਰਨ ਗ੍ਰੰਥੀ ਬਲਵਿੰਦਰ ਸਿੰਘ ਦਾ ਦਿਹਾਂਤ ਅਗਲੀ ਖ਼ਬਰ ਗਿੱਦੜਬਾਹਾ ਪੁਲਿਸ ਨੇ ਈ-ਰਿਕਸ਼ਾ ਵਾਲਿਆਂ 'ਤੇ ਸ਼ਿਕੰਜਾ ਕੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।