ਸ੍ਰੀ ਮੁਕਤਸਰ ਸਾਹਿਬ, 14 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)- ਆਮ ਆਦਮੀ ਪਾਰਟੀ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸ੍ਰੀ ਮੁਕਤਸਰ ਸਾਹਿਬ ਗ੍ਰਹਿ ਅੱਗੇ ਰੋਸ ਧਰਨਾ ਦਿੱਤਾ ਗਿਆ | ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਖ਼ਿਲਾਫ਼ ਬੋਲੇ ਗਏ ਅਪਸ਼ਬਦਾਂ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਨੇ ਇਹ ਧਰਨਾ ਦਿੱਤਾ | ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਅਗਵਾਈ ਹੇਠ ਦਿੱਤੇ ਗਏ ਇਸ ਧਰਨੇ ਦੌਰਾਨ 'ਆਪ' ਸਮਰਥਕਾਂ ਨੇ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | 'ਆਪ' ਆਗੂ ਤੇ ਵਰਕਰ ਰਾਜਾ ਵੜਿੰਗ ਦੇ ਨਿਵਾਸ ਅੱਗੇ ਵੱਡੀ ਗਿਣਤੀ 'ਚ ਪਹੁੰਚੇ ਅਤੇ ਧਰਨਾ ਦਿੱਤਾ | ਜਦੋਂ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਇੱਥੇ ਪਹੁੰਚੇ ਤਾਂ ਕਾਂਗਰਸੀ ਆਗੂਆਂ ਨੇ ਹੱਥਾਂ 'ਚ ਸਵਾਗਤ ਦੀਆਂ ਤਖ਼ਤੀਆਂ ਫ਼ੜ੍ਹੀਆ ਹੋਈਆਂ ਸਨ ਅਤੇ ਚਾਹ, ਪਾਣੀ ਪੀਣ ਲਈ ਘਰ ਵਿਖੇ ਆਉਣ ਲਈ ਕਹਿ ਰਹੇ ਸਨ | ਡਾ. ਬਲਜੀਤ ਕੌਰ ਨੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਵਾਗਤ ਨਾਲ ਅਸਲ ਮਸਲਿਆਂ ਤੋਂ ਧਿਆਨ ਨਹੀਂ ਭਟਕਾਇਆ ਜਾ ਸਕਦਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੇ ਵਿਰੋਧ 'ਚ ਰਹੀ ਹੈ, ਜਿਸ ਕਾਰਨ ਅੱਜ ਉਨ੍ਹਾਂ ਨੂੰ ਸੜਕਾਂ 'ਤੇ ਉਤਰਨਾ ਪਿਆ ਹੈ | ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਖ਼ਿਲਾਫ਼ ਅਪਸ਼ਬਦ ਬੋਲਣ ਕਾਰਨ ਪ੍ਰਤਾਪ ਸਿੰਘ ਬਾਜਵਾ ਦਾ ਪੂਰੇ ਪੰਜਾਬ 'ਚ ਤਿੱਖਾ ਵਿਰੋਧ ਹੋ ਰਿਹਾ ਹੈ | ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਵੋਟ ਬੈਂਕ ਵਜੋਂ ਵਰਤਿਆ ਹੈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸ਼ਨਦੀਪ ਸਿੰਘ ਬਰਾੜ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ, ਸ਼ਮਿੰਦਰ ਸਿੰਘ ਢਿੱਲੋਂ ਕੋਟਲੀ ਅਬਲੂ ਆਦਿ ਨੇ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਹੁਣ ਹਰਭਜਨ ਸਿੰਘ ਈ.ਟੀ.ਓ. ਸੰਬੰਧੀ ਕੀਤੀ ਬਿਆਨਬਾਜ਼ੀ ਬਹੁਤ ਨਿੰਦਣਯੋਗ ਹੈ ਅਤੇ ਇਸ ਤੋਂ ਪਹਿਲਾਂ ਰਾਜਾ ਵੜਿੰਗ ਵਲੋਂ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ, ਜਿਸ ਦਾ ਵੀ ਤਿੱਖਾ ਵਿਰੋਧ ਹੋਇਆ ਸੀ | ਦੂਜੇ ਪਾਸੇ ਰਾਜਾ ਵੜਿੰਗ ਦੇ ਸਮਰਥਕ ਜਦੋਂ ਸਵਾਗਤ ਦੀਆਂ ਤਖ਼ਤੀਆਂ ਫ਼ੜ ਕੇ ਚਾਹ ਦੀ ਪੇਸ਼ਕਸ਼ ਕਰ ਰਹੇ ਸਨ ਤਾਂ ਆਮ ਆਦਮੀ ਪਾਰਟੀ ਦੇ ਇਕ ਆਗੂ ਵਲੋਂ 'ਹੁਣ ਮਿੱਠੇ ਪੋਚੇ ਨਾ ਮਾਰੋ' ਦੇ ਨਾਅਰੇ ਲਗਾਏ ਜਾ ਰਹੇ ਸਨ | ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਮਾਲਵਾ ਜ਼ੋਨ ਦੇ ਮੀਡੀਆ ਇੰਚਾਰਜ ਚਰਨਜੀਤ ਸਿੰਘ ਧਾਲੀਵਾਲ, ਕੋਆਪ੍ਰੇਟਿਵ ਬੈਂਕਾਂ ਦੇ ਚੇਅਰਮੈਨ ਜਗਦੇਵ ਸਿੰਘ ਬਾਂਮ, ਸੰਦੀਪ ਸਿੰਘ ਸ਼ਨੀ ਢਿੱਲੋਂ ਗਿੱਦੜਬਾਹਾ, ਵਿੱਕੀ ਕੁਮਾਰ ਡਮੋਲੀਆ, ਜੈ ਚੰਦ ਭੰਡਾਰੀ, ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਵੜਿੰਗ, ਕੌਂਸਲਰ ਹਰਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਅਜਵਿੰਦਰ ਸਿੰਘ ਰਾਜੂ ਪੂਨੀਆ ਆਦਿ ਹਾਜ਼ਰ ਸਨ | ਇਸ ਦੌਰਾਨ ਹੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਬਰਾੜ, ਸੀਨੀਅਰ ਆਗੂ ਸਿਮਰਜੀਤ ਸਿੰਘ ਭੀਨਾ ਬਰਾੜ, ਸਾਹਿਬ ਸਿੰਘ ਭੂੰਦੜ, ਬਲਾਕ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੰਧੂ, ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਬਿੱਟੂ ਰੋਮਾਣਾ, ਗੁਰਵੀਰ ਸਿੰਘ ਬਰਾੜ ਕਾਕੂ ਸੀਰਵਾਲੀ ਅਤੇ ਰਾਜਾ ਵੜਿੰਗ ਦੇ ਨਿੱਜੀ ਸਹਾਇਕ ਜਸਪ੍ਰੀਤ ਸਿੰਘ ਭਲਾਈਆਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਰਾਜਾ ਵੜਿੰਗ ਦੇ ਘਰ ਅੱਗੇ ਧਰਨਾ ਦੇਣ ਆਏ ਸਨ, ਇਸ ਲਈ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਜੇਕਰ ਇਹ ਧਰਨਾ ਪੰਜਾਬ ਦੇ ਅਸਲ ਮਸਲਿਆਂ 'ਤੇ ਲਗਾਇਆ ਜਾਂਦਾ, ਤਾਂ ਉਹ ਵੀ ਇਸ ਦਾ ਸਮਰਥਨ ਕਰਦੇ |