ਮੋਗਾ, 15 ਫਰਵਰੀ (ਸੁਰਿੰਦਰਪਾਲ ਸਿੰਘ)-ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਇਕ ਪੈੱ੍ਰਸ ਬਿਆਨ ਰਾਹੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਅੱਜ 16 ਫਰਵਰੀ ਨੂੰ ਕੀਤੀ ਜਾ ਰਹੀ ਕਿਲੀ ਚਾਹਲਾਂ ਮੋਗਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਸੂਬਾ ਪੱਧਰੀ ਰੈਲੀ ਸਰਕਾਰੀ ਰੈਲੀ ਹੋਵੇਗੀ | ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਬਦਲਾਵ ਦੇ ਨਾਂਅ 'ਤੇ ਇਹ ਰੈਲੀ ਕੀਤੀ ਜਾ ਰਹੀ ਹੈ, ਪਰ ਇਸ ਰੈਲੀ ਨੂੰ ਸਫਲ ਬਣਾਉਣ ਲਈ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਪਟਵਾਰੀਆਂ ਤੋ ਲੈ ਕੇ ਸਰਕਾਰੀ ਬੱਸਾਂ, ਸਾਰੇ ਅਧਿਆਪਕ ਤੇ ਇੱਥੋਂ ਤੱਕ ਸਾਰੇ ਪੰਜਾਬ ਦੀ ਪੁਲਿਸ ਵੀ ਤੇ ਆਪ ਸਰਕਾਰ ਦੀ ਇਸ ਰੈਲੀ ਨੂੰ ਕਾਮਯਾਬ ਕਰਨ ਵਿਚ ਲੱਗੀ ਹੋਈ ਹੋਈ ਹੈ, ਜਦ ਕਿ ਦੂਸਰੇ ਪਾਸੇ ਕਾਨੰੂਨ ਅਵਸਥਾ ਦਾ ਦੀਵਾਲ਼ਾ ਪਹਿਲਾਂ ਹੀ ਨਿਕਲ ਚੁੱਕਾ ਹੈ | ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਕਾ ਨੂੰ ਖ਼ੁਸ਼ ਕਰਨ ਲਈ ਪੰਜਾਬ ਦੇ ਸਭ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੀ ਦੁਰਵਰਤੋਂ ਕਰ ਰਹੇ ਹਨ |