ਮਲੋਟ, 18 ਫ਼ਰਵਰੀ (ਅਜਮੇਰ ਸਿੰਘ ਬਰਾੜ)-ਕਿਸਾਨਾਂ ਦੀਆਂ ਖੇਤਾਂ ਵਿਚ ਲੱਗੀਆਂ ਮੋਟਰਾਂ ਚਲਾਉਣ ਵਾਲੇ ਟਰਾਂਸਫ਼ਾਰਮਰਾਂ ਦੀ ਚੋਰੀ ਜਾਂ ਉਨ੍ਹਾਂ ਵਿਚੋਂ ਤਾਂਬਾ ਤੇ ਪਿੱਤਲ ਆਦਿ ਕੱਢਣ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਤਾਜ਼ਾ ਘਟਨਾ ਪਿੰਡ ਲੁੰਡੇਵਾਲਾ ਦੀ ਹੈ, ਜਿੱਥੇ 8 ਕਿਸਾਨਾਂ ਦੇ ਖੇਤਾਂ ਵਿਚੋਂ ਟਰਾਂਸਫ਼ਾਰਮਰਾਂ ਵਿਚੋਂ ਤੇਲ ਕੱਢ ਲਿਆ ਗਿਆ ਜਾਂ ਤਾਂਬਾ-ਪਿੱਤਲ ਕੱਢ ਕੇ ਚੋਰ ਲੈ ਗਏ ਅਤੇ ਕੁਝ ਕਿਸਾਨਾਂ ਦੇ ਟਰਾਂਸਫ਼ਾਰਮਰ ਹੀ ਚੁੱਕ ਕੇ ਚੋਰ ਲੈ ਗਏ | ਕਿਸਾਨ ਬਲਵੀਰ ਸਿੰਘ ਪੁੱਤਰ ਹਰਨੇਕ ਸਿੰਘ, ਸੁਖਬੀਰ ਸਿੰਘ ਪੁੱਤਰ ਹਰਨੇਕ ਸਿੰਘ ਤੋਂ ਇਲਾਵਾ ਗੁਰਜੀਤ ਸਿੰਘ ਪੁੱਤਰ ਤਜਿੰਦਰ ਸਿੰਘ, ਜਸਕਰਨ ਸਿੰਘ ਪੁੱਤਰ ਬਿੰਦਰ ਸਿੰਘ ਅਤੇ ਜੋਰਾ ਸਿੰਘ ਪੁੱਤਰ ਕੇਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਲੁੰਡੇਵਾਲਾ ਦੇ ਖੇਤਾਂ ਵਿਚੋਂ ਚੋਰ ਟਰਾਂਸਫ਼ਾਰਮਰ ਹੀ ਲਾਹ ਕੇ ਲੈ ਗਏ | ਕੁਝ ਕਿਸਾਨਾਂ ਦੇ ਟਰਾਂਸਫ਼ਾਰਮਰਾਂ ਵਿਚੋਂ ਤੇਲ, ਕੁਝ ਟਰਾਂਸਫ਼ਾਰਮਰ ਵਿਚੋਂ ਤਾਂਬਾ ਤੇ ਪਿੱਤਲ ਕੱਢ ਕੇ ਲੈ ਗਏ, ਜਿਸ ਕਰਕੇ ਕਿਸਾਨਾਂ ਨੂੰ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਕਤ ਕਿਸਾਨਾਂ ਨੇ ਦੱਸਿਆ ਕਿ ਉਹ ਪਹਿਲਾਂ ਪੁਲਿਸ ਥਾਣੇ ਵਿਚ ਰਿਪੋਰਟ ਦੇਣ ਗਏ, ਫ਼ਿਰ ਪੰਜਾਬ ਰਾਜ ਪਾਵਰਕਾਮ ਲਿਮਟਿਡ ਦੇ ਦਫ਼ਤਰ ਤੋਂ ਇਲਾਵਾ ਹੋਰ ਕਈ ਥਾਵਾਂ 'ਤੇ ਉਨ੍ਹਾਂ ਨੂੰ ਗੇੜੇ ਮਾਰਨੇ ਪੈ ਰਹੇ ਹਨ | ਕਿਸਾਨਾਂ ਨੇ ਪੰਜਾਬ ਪੁਲਿਸ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਨੂੰ ਵੀ ਇਸ ਸੰਬੰਧੀ ਫ਼ਿਰ ਅਪੀਲ ਕੀਤੀ ਕਿ ਕਿਸਾਨਾਂ ਦੇ ਖੇਤਾਂ ਵਿਚੋਂ ਹੁੰਦੀਆਂ ਵਿਸ਼ੇਸ਼ ਤੌਰ 'ਤੇ ਟਰਾਂਸਫ਼ਾਰਮਰਾਂ ਦੀਆਂ ਚੋਰੀਆਂ ਨੂੰ ਤੁਰੰਤ ਰੋਕਿਆ ਜਾਵੇ | ਜ਼ਿਕਰਯੋਗ ਹੈ ਕਿ ਇਕੱਲਾ ਪਿੰਡ ਲੁੰਡੇਵਾਲਾ ਹੀ ਨਹੀਂ, ਸਗੋਂ ਹੋਰ ਵੀ ਨੇੜਲੇ ਪਿੰਡਾਂ ਦੇ ਟਰਾਂਸਫ਼ਾਰਮਰਾਂ ਵਿਚੋਂ ਤੇਲ ਜਾਂ ਸਮੁੱਚਾ ਟਰਾਂਸਫ਼ਾਰਮਰ ਚੋਰੀ ਹੋਣ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ |