ਗਿੱਦੜਬਾਹਾ, 18 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)-ਪੁਲਿਸ ਨੇ ਇਕ ਵਿਅਕਤੀ ਨੂੰ 1 ਕਿੱਲੋ 49 ਗ੍ਰਾਮ ਅਫ਼ੀਮ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਜਾਣਕਾਰੀ ਅਨੁਸਾਰ ਕਾਊਟਰ ਇੰਟੈਲੀਜੈਂਸ ਦੇ ਏ.ਐੱਸ.ਆਈ. ਹਰਮੀਤ ਸਿੰਘ ਸਾਥੀ ਕਰਮਚਾਰੀਆਂ ਦੇ ਨਾਲ ਦੌਰਾਨੇ ਗਸ਼ਤ ਬਠਿੰਡਾ-ਮਲੋਟ ਰੋਡ ਨੇੜੇ ਪਿੰਡ ਬੱਲੂਆਣਾ ਮੌਜੂਦ ਸਨ, ਤਾਂ ਉਨ੍ਹਾਂ ਨੂੰ ਇਕ ਇਨੋਵਾ ਗੱਡੀ ਨੰਬਰ ਐੱਚ.ਆਰ. 25 ਡੀ 5679 ਬੱਸ ਸਟੈਂਡ ਪਿੰਡ ਬੱਲੂਆਣਾ ਵਿਖੇ ਸੜਕ ਦੇ ਕਿਨਾਰੇ ਖੜ੍ਹੀ ਦਿਖਾਈ ਦਿੱਤੀ | ਜਦੋਂ ਉਹ ਸ਼ੱਕ ਦੇ ਆਧਾਰ 'ਤੇ ਉਕਤ ਇਨੋਵਾ ਗੱਡੀ ਨੂੰ ਚੈਕ ਕਰਨ ਲਈ ਆਪਣੀ ਗੱਡੀ ਤੋਂ ਹੇਠਾ ਉਤਰੇ, ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਇਨੋਵਾ ਗੱਡੀ ਦੇ ਚਾਲਕ ਨੇ ਇਨੋਵਾ ਨੂੰ ਗਿੱਦੜਬਾਹਾ ਦੀ ਤਰਫ਼ ਭਜਾ ਲਿਆ, ਜਿਸ 'ਤੇ ਪੁਲਿਸ ਪਾਰਟੀ ਵਲੋਂ ਇਨੋਵਾ ਗੱਡੀ ਦਾ ਪਿੱਛਾ ਕੀਤਾ ਗਿਆ | ਇਸੇ ਦੌਰਾਨ ਉਕਤ ਇਨੋਵਾ ਗੱਡੀ ਨੂੰ ਰਾਊਾਡਅੱਪ ਕਰਨ ਲਈ ਥਾਣਾ ਗਿੱਦੜਬਾਹਾ ਦੇ ਐੱਸ.ਐੱਚ.ਓ. ਹਰਗੋਬਿੰਦ ਸਿੰਘ ਮਾਨ ਨੂੰ ਸੂਚਿਤ ਕੀਤਾ | ਇਸੇ ਦੌਰਾਨ ਉਕਤ ਪੁਲਿਸ ਪਾਰਟੀ ਇਨੋਵਾ ਗੱਡੀ ਦਾ ਪਿੱਛਾ ਕਰਦੇ ਹੋਏ ਪਿਓਰੀ ਫਾਟਕ ਗਿੱਦੜਬਾਹਾ ਹੁੰਦੇ ਹੋਏ ਪਿੰਡ ਦੌਲਾ ਦੀ ਤਰਫ਼ ਰੇਲਵੇ ਲਾਈਨ ਦੇ ਨਾਲ ਲਿੰਕ ਰੋਡ 'ਤੇ ਪੁੱਜੇ, ਤਾਂ ਥਾਣਾ ਗਿੱਦੜਬਾਹਾ ਦੀ ਸਰਕਾਰੀ ਗੱਡੀ ਵਿਚ ਮੌਜੂਦ ਪੁਲਿਸ ਪਾਰਟੀ ਨੇ ਦੋਵਾਂ ਗੱਡੀਆਂ ਨੂੰ ਕਰਾਸ ਕਰਦੇ ਹੋਏ ਰਸਤੇ ਵਿਚ ਇਨੋਵਾ ਗੱਡੀ ਨੂੰ ਰੋਕ ਲਿਆ ਅਤੇ ਦੋਵਾਂ ਪੁਲਿਸ ਪਾਰਟੀਆਂ ਨੇ ਇਨੋਵਾ ਗੱਡੀ ਦੀ ਘੇਰਾਬੰਦੀ ਕਰ ਲਈ | ਇਸ ਮੌਕੇ ਇਨੋਵਾ ਗੱਡੀ ਦੇ ਚਾਲਕ ਦੀ ਪਛਾਣ ਗੁਰਲਾਲ ਸਿੰਘ ਵਾਸੀ ਸ੍ਰੀ ਗੰਗਾਨਗਰ ਵਜੋਂ ਹੋਈ | ਪੁਲਿਸ ਵਲੋਂ ਇਨੋਵਾ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਇਕ ਪਾਰਦਰਸ਼ੀ ਮੋਮੀ ਲਿਫ਼ਾਫ਼ੇ ਵਿਚ ਮੌਜੂਦ 1 ਕਿੱਲੋ 49 ਗ੍ਰਾਮ ਅਫ਼ੀਮ ਬਰਾਮਦ ਹੋਈ | ਉਧਰ ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਤੇ ਕਾਊਟਰ ਇੰਟੈਲੀਜੈਂਸ ਦੇ ਐੱਸ.ਆਈ. ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਉਕਤ ਮਾਮਲੇ ਵਿਚ ਕਥਿਤ ਦੋਸ਼ੀ ਗੁਰਲਾਲ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਰਿੱਧੀ ਸਿੱਧੀ ਕਾਲੋਨੀ ਸ੍ਰੀ ਗੰਗਾਨਗਰ (ਰਾਜਸਥਾਨ) ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |