ਬਰਗਾੜੀ, 19 ਫ਼ਰਵਰੀ (ਲਖਵਿੰਦਰ ਸ਼ਰਮਾ)-ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਪਿੰਡ ਸਰਾਵਾਂ ਅਤੇ ਗੁਰੂਸਰ ਵਿਖੇ ਹੋਈ | ਜਿਸ ਵਿਚ ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਖੇਤੀ ਵਿਰੋਧੀ ਤਾਜ਼ੇ ਸਮਝੌਤਿਆਂ ਵਿਰੁੱਧ ਲੋਕਾਂ ਨੂੰ ਜਾਗੂਰਕ ਕੀਤਾ ਗਿਆ | ਕਿਸਾਨ ਆਗੂਆਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਸਰਦੂਲ ਸਿੰਘ ਕਾਸਮਭੱਟੀ, ਬਲਾਕ ਪ੍ਰਧਾਨ ਨਾਇਬ ਸਿੰਘ, ਜ਼ਿਲ੍ਹਾ ਆਗੂ ਮਾ. ਪੂਰਨ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲੇ੍ਹ ਤੋਂ ਐਲਾਨ ਕੀਤਾ ਸੀ ਕਿ ਕਿਸਾਨਾਂ ਵਿਰੁੱਧ ਕੋਈ ਫ਼ੈਸਲਾ ਨਹੀਂ ਕੀਤਾ ਜਾਵੇਗਾ ਪ੍ਰੰਤੂ 19 ਅਗਸਤ ਨੂੰ ਕਪਾਹ ਨੂੰ ਟੈਰਿਫ਼ ਫ਼ਰੀ ਕਰਨ ਨਾਲ ਕਪਾਹ ਦਾ ਰੇਟ ਗਿਆਰਾਂ ਸੌ ਰੁਪਏ ਥੱਲੇ ਆ ਗਿਆ ਅਤੇ ਕਪਾਹ ਦਾ 95 ਪ੍ਰਤੀਸ਼ਤ ਆਯਾਤ ਵਧਿਆ | ਕਪਾਹ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਉਜਾੜਾ ਤੈਅ ਹੈ | ਫਰੂਟ ਅਤੇ ਡਰਾਈ ਫਰੂਟਾਂ ਤੋਂ ਇਲਾਵਾ ਖੇਤੀ ਨਾਲ ਸਬੰਧਿਤ ਹੋਰ ਕਈ ਕੁਝ ਵੀ ਇਸ ਘੇਰੇ ਵਿਚ ਹਨ | ਅਮਰੀਕਾ ਦੇ ਲੱਖਾਂ ਏਕੜ ਵਾਲੇ ਕਿਸਾਨਾਂ ਦਾ ਭਾਰਤੀ ਛੋਟੇ ਜਾਂ ਦਰਮਿਆਨੇ ਕਿਸਾਨ ਮੁਕਾਬਲਾ ਨਹੀਂ ਕਰ ਸਕਦੇ | ਅਮਰੀਕੀ ਕਿਸਾਨਾਂ ਨੂੰ ਕਰੋੜਾਂ ਰੁਪਏ ਸਬਸਿਡੀ ਮਿਲਦੀ ਹੈ ਜਦੋਂ ਕਿ ਭਾਰਤੀ ਕਿਸਾਨਾਂ ਨੂੰ ਨਾ ਮਾਤਰ ਸਬਸਿਡੀ ਮਿਲਦੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਆਪਣੀ ਖੇਤੀ ਬਚਾਉਣ ਲਈ ਸ਼ਹੀਦ ਭਗਤ ਵਰਗਿਆਂ ਵਾਂਗ ਅਮਰੀਕੀ ਅਤੇ ਭਾਰਤੀ ਸਾਮਰਾਜ ਵਿਰੁੱਧ ਤਕੜਾ ਸੰਘਰਸ਼ ਕਰਨਾ ਪਵੇਗਾ | ਯੂਨੀਅਨ 22 ਫ਼ਰਵਰੀ ਨੂੰ ਬਿਜਲੀ ਅਤੇ ਬੀਜ ਬਿੱਲ ਵਿਰੁੱਧ, ਮਨਰੇਗਾ ਦੇ ਖਾਤਮੇ ਵਿਰੁੱਧ ਕੁਲਤਾਰ ਸਿੰਘ ਸੰਧਵਾਂ ਦੇ ਘਰ ਦਾ ਘਿਰਾਓ ਕਰੇਗੀ ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਪਹੁੰਚਣ ਲਈ ਅਪੀਲ ਕੀਤੀ ਗਈ | ਇਸ ਮੌਕੇ ਸੁਖਮੰਦਰ ਸਿੰਘ, ਦਿਲਬਾਗ ਸਿੰਘ, ਲਖਵਿੰਦਰ ਸਿੰਘ, ਹਰਨੇਕ ਸਿੰਘ, ਮੁਕੰਦ ਸਿੰਘ, ਬਲਵਿੰਦਰ ਸਿੰਘ, ਕੇਵਲ ਸਿੰਘ, ਮੱਖਣ ਸਿੰਘ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਕੇਵਲ ਸਿੰਘ ਬਰਾੜ ਆਦਿ ਹਾਜ਼ਰ ਸਨ |