ਜੈਤੋ, 19 ਫ਼ਰਵਰੀ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਦੀ ਇਕ ਸੰਸਥਾ ਵਲੋਂ ਸਥਾਨਕ ਰਾਮਲੀਲਾ ਗਰਾਊਾਡ ਵਿਚ ਪੰਜਾਬੀ ਨਾਟਕ ਮੰਚ ਦੇ ਸਹਿਯੋਗ ਨਾਲ ਪ੍ਰਸਿੱਧ ਫ਼ਿਲਮੀ ਅਦਾਕਾਰ ਰਾਣਾ ਰਣਬੀਰ ਵਲੋਂ ਪੇਸ਼ ਕੀਤਾ ਗਿਆ ਸਮਾਜ-ਸੇਧ ਨਾਟਕ ਸ਼ਹਿਰ ਭਰ ਵਿਚ ਚਰਚਾ ਦਾ ਕੇਂਦਰ ਬਣਿਆ ਰਿਹਾ | ਪੰਜਾਬੀ ਮਾਂ-ਬੋਲੀ ਅਤੇ ਸੱਭਿਆਚਾਰ ਲਈ ਰਾਣਾ ਰਣਬੀਰ ਦੀ ਦੇਣ ਨੂੰ ਦੇਖਣ ਲਈ ਜੈਤੋ ਦੇ ਆਮ ਅਤੇ ਗਰੀਬ ਵਰਗ ਵਿਚ ਕਾਫ਼ੀ ਉਤਸਾਹ ਸੀ | ਰਾਣਾ ਰਣਬੀਰ ਵਲੋਂ ਪੰਜਾਬੀ ਫ਼ਿਲਮ ਜਗਤ ਨੂੰ ਦਿੱਤੀ ਗਈ ਫ਼ਿਲਮ 'ਅਸੀਸ' ਅਜੋਕੇ ਪੰਜਾਬ ਦੀ ਹਕੀਕਤ ਨੂੰ ਬਿਆਨ ਕਰਦੀ ਹੈ ਅਤੇ ਇਸੇ ਉਮੀਦ ਨਾਲ ਲੋਕ ਨਾਟਕ ਦੇਖਣ ਆਉਣਾ ਚਾਹੁੰਦੇ ਸਨ ਪਰ ਪ੍ਰਬੰਧਕਾਂ ਵਲੋਂ ਟਿਕਟਾਂ ਦੀ ਵਿਕਰੀ ਕਰਕੇ ਅਤੇ ਦਾਖ਼ਲੇ ਲਈ ਰਕਮ ਨਿਰਧਾਰਤ ਕਰਕੇ ਗਰੀਬ, ਦਿਹਾੜੀਦਾਰ ਅਤੇ ਮਜ਼ਦੂਰ ਵਰਗ ਦੇ ਮਨ ਨੂੰ ਗਹਿਰੀ ਠੇਸ ਪਹੁੰਚੀ | ਨਾਟਕ ਦਾ ਮਕਸਦ ਭਾਵੇਂ ਸਮਾਜ ਨੂੰ ਜਾਗਰੂਕ ਕਰਨਾ ਦੱਸਿਆ ਗਿਆ, ਪਰ ਟਿਕਟ ਲਗਾ ਕੇ ਕਰਵਾਈ ਗਈ ਇਹ ਪੇਸ਼ਕਾਰੀ ਆਪਣੇ ਸਮਾਜਿਕ ਉਦੇਸ਼ ਤੋਂ ਭਟਕੀ ਹੋਈ ਨਜ਼ਰ ਆਈ | ਸਮਾਜ-ਸੇਧ ਨਾਟਕ ਆਮ ਤੌਰ 'ਤੇ ਗਰੀਬ, ਮਜ਼ਦੂਰ ਅਤੇ ਮਿਹਨਤੀ ਵਰਗ ਤੱਕ ਸੁਨੇਹਾ ਪਹੁੰਚਾਉਣ ਲਈ ਕਰਵਾਏ ਜਾਂਦੇ ਹਨ, ਪਰ ਵਿਡੰਬਨਾ ਇਹ ਰਹੀ ਕਿ ਇਹੀ ਵਰਗ ਇਸ ਨਾਟਕ ਤੋਂ ਵਾਂਝਾ ਰਹਿ ਗਿਆ | ਇਸ ਸਬੰਧੀ ਸਥਾਨਕ ਮਜ਼ਦੂਰ ਨੇਤਾ ਅੰਗਰੇਜ ਸਿੰਘ ਗੋਰਾ ਨੇ ਕਿਹਾ ਕਿ ਟਿਕਟ ਦੀ ਕੀਮਤ ਐਨੀ ਵੱਧ ਰੱਖੀ ਗਈ ਸੀ ਕਿ ਕਈ ਗਰੀਬ ਪਰਿਵਾਰਾਂ ਲਈ ਨਾਟਕ ਦੇਖਣਾ ਅਸੰਭਵ ਬਣ ਗਿਆ | ਉਨ੍ਹਾਂ ਦਾ ਕਹਿਣਾ ਹੈ ਕਿ ਜੇ ਮਕਸਦ ਸੱਚਮੁੱਚ ਸਮਾਜਿਕ ਜਾਗਰੂਕਤਾ ਫ਼ੈਲਾਉਣਾ ਹੁੰਦਾ ਤਾਂ ਪ੍ਰੋਗਰਾਮ ਮੁਫ਼ਤ ਜਾਂ ਘੱਟੋ-ਘੱਟ ਨਾਮਾਤਰ ਟਿਕਟ 'ਤੇ ਕਰਵਾਇਆ ਜਾਣਾ ਚਾਹੀਦਾ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਬੰਧਕਾਂ ਵਲੋਂ ਟਿਕਟ ਲਗਾ ਕੇ ਕਮਾਈ ਕਰਨ ਦੀ ਕੋਸ਼ਿਸ਼ ਨੇ ਇਹ ਸਪਸ਼ਟ ਕਰ ਦਿੱਤਾ ਕਿ ਸਮਾਜ-ਸੇਵਾ ਦੇ ਨਾਂਅ 'ਤੇ ਵਪਾਰਕ ਸੋਚ ਹਾਵੀ ਰਹੀ | ਇਸ ਮਾਮਲੇ ਨੂੰ ਲੈ ਕੇ ਇਹ ਸਵਾਲ ਵੀ ਉੱਠ ਰਹੇ ਹਨ ਕਿ ਸਾਂਝੀ ਜਗ੍ਹਾ 'ਤੇ ਕਰਵਾਏ ਗਏ ਇਸ ਪ੍ਰੋਗਰਾਮ ਲਈ ਟਿਕਟ ਲਗਾਉਣ ਸੰਬੰਧੀ ਸਾਰੀਆਂ ਲਾਜ਼ਮੀ ਪ੍ਰਸ਼ਾਸਨਿਕ ਆਗਿਆਵਾਂ ਲਈਆਂ ਗਈਆਂ ਸਨ ਜਾਂ ਨਹੀਂ | ਜੈਤੋ ਵਾਸੀਆਂ ਦਾ ਕਹਿਣਾ ਹੈ ਕਿ ਜੇ ਪ੍ਰਬੰਧਕ ਸਮਾਜਿਕ ਜ਼ਿੰਮੇਵਾਰੀ ਨਾਲ ਕੰਮ ਕਰਦੇ ਤਾਂ ਗਰੀਬ ਵਰਗ ਲਈ ਮੁਫ਼ਤ ਦਾਖ਼ਲੇ ਜਾਂ ਵਿਸ਼ੇਸ਼ ਬੰਦੋਬਸਤ ਕੀਤਾ ਜਾ ਸਕਦਾ ਸੀ | ਲੋਕਾਂ ਦੀ ਮੰਗ ਹੈ ਕਿ ਭਵਿੱਖ ਵਿਚ ਸਮਾਜ-ਸੇਧ ਪ੍ਰੋਗਰਾਮਾਂ ਨੂੰ ਵਪਾਰ ਨਹੀਂ ਸੱਚੀ ਲੋਕ-ਸੇਵਾ ਦੇ ਰੂਪ ਵਿਚ ਕਰਵਾਇਆ ਜਾਵੇ ਤਾਂ ਜੋ ਹਰ ਵਰਗ ਦਾ ਵਿਅਕਤੀ ਅਜਿਹੇ ਪ੍ਰੋਗਰਾਮਾਂ ਤੋਂ ਲਾਭ ਪ੍ਰਾਪਤ ਕਰ ਸਕੇ |