29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਵਧਦੇ ਤਾਪਮਾਨ ਕਾਰਨ ਕਣਕ ਦੀ ਫ਼ਸਲ ਦੇ ਝਾੜ 'ਤੇ ਮਾੜਾ ਅਸਰ ਪੈਣ ਦਾ ਡਰ ਬਣਿਆ • ਖੇਤੀ ਮਾਹਿਰਾਂ ਵਲੋਂ ਕਣਕ ਦੀ ਫ਼ਸਲ ਨੂੰ ਸਮੇਂ ਸਿਰ ਪਾਣੀ ਦੇਣ ਦੀ ਸਲਾਹ

ਅਜੀਤ ਡੈਸਕ 28-02-2026
ਸਾਦਿਕ, 27 ਫ਼ਰਵਰੀ (ਗੁਰਭੇਜ ਸਿੰਘ ਚੌਹਾਨ)-ਕਿਸਾਨਾਂ ਵਲੋਂ ਇਸ ਸਾਲ ਹਾੜੀ ਸੀਜ਼ਨ ਦੀ ਬਿਜਾਈ ਲਗਪਗ 95 ਫ਼ੀਸਦੀ ਰਕਬੇ 'ਤੇ 25 ਅਕਤੂਬਰ ਤੋਂ 15 ਨਵੰਬਰ ਦਰਮਿਆਨ ਕਰ ਦਿੱਤੀ ਗਈ ਸੀ, ਜੋ ਕਿ ਕਣਕ ਦੀ ਬਿਜਾਈ ਲਈ ਢੁਕਵਾਂ ਸਮਾਂ ਮੰਨਿਆ ਜਾਂਦਾ ਹੈ | ਫ਼ਰੀਦਕੋਟ ਜ਼ਿਲ੍ਹੇ ਵਿਚ ਲਗਪਗ 1,16,000 ਹੈਕਟੇਅਰ ਰਕਬੇ 'ਤੇ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ | ਕਣਕ ਦੇ ਚੰਗੇ ਝਾੜ ਨਾਲ ਕਿਸਾਨਾਂ ਦੇ ਆਰਥਿਕ ਹਾਲਾਤ ਸਿੱਧੇ ਤੌਰ 'ਤੇ ਜੁੜੇ ਹੋਏ ਹਨ | ਚੰਗਾ ਝਾੜ ਨਾ ਸਿਰਫ਼ ਅਨਾਜ ਉਤਪਾਦਨ ਵਿਚ ਵਾਧਾ ਕਰਦਾ ਹੈ, ਸਗੋਂ ਕਿਸਾਨੀ ਜੀਵਨ ਵਿਚ ਖੁਸ਼ਹਾਲੀ ਵੀ ਲਿਆਉਂਦਾ ਹੈ | ਕਣਕ ਦੀ ਫ਼ਸਲ, ਖਾਸ ਕਰਕੇ ਦਾਣੇ ਪੈਣ ਦੇ ਸਮੇਂ, ਉੱਚ ਤਾਪਮਾਨ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ | ਇਸ ਦੌਰਾਨ ਵਧੇਰੇ ਤਾਪਮਾਨ ਦਾਣਿਆਂ ਦੇ ਭਾਰ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ | ਜਿਸ ਕਾਰਨ ਕਣਕ ਦੇ ਝਾੜ ਅਤੇ ਗੁਣਵੱਤਾ ਵਿਚ ਕਮੀ ਆ ਸਕਦੀ ਹੈ | ਹਲਕੀ ਤੋਂ ਦਰਮਿਆਨੀ ਜ਼ਮੀਨ 'ਤੇ ਬੀਜੀ ਅਗੇਤੀ ਕਣਕ ਉੱਚ ਤਾਪਮਾਨ ਕਾਰਨ ਜਲਦੀ ਸਿੱਟੇ ਕੱਢ ਲੈਂਦੀ ਹੈ ਅਤੇ ਸਮੇਂ ਤੋਂ ਪਹਿਲਾਂ ਪੱਕ ਜਾਂਦੀ ਹੈ, ਜਿਸ ਨਾਲ ਦਾਣੇ ਮਾੜੇ ਰਹਿ ਜਾਂਦੇ ਹਨ | ਇਸ ਵਾਰ ਫ਼ਰਵਰੀ ਦੇ ਦੂਜੇ ਹਫ਼ਤੇ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਤਾਪਮਾਨ ਵਿਚ 2 ਤੋਂ 4 ਡਿਗਰੀ ਸੈਲਸੀਅਸ ਦਾ ਵਾਧਾ ਮਾਹਿਰਾਂ ਵਲੋਂ ਦਰਜ ਕੀਤਾ ਗਿਆ ਹੈ | ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ, ਖੇਤੀ ਮਾਹਿਰਾਂ ਵਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਣਕ ਦੀ ਫ਼ਸਲ ਨੂੰ ਹਲਕਾ ਪਾਣੀ ਲਗਾਇਆ ਜਾਵੇ | ਸਿੰਚਾਈ ਕਰਦੇ ਸਮੇਂ ਹਵਾ ਦੀ ਗਤੀ ਦਾ ਧਿਆਨ ਰੱਖਿਆ ਜਾਵੇ, ਤਾਂ ਜੋ ਫ਼ਸਲ ਨੂੰ ਡਿੱਗਣ ਤੋਂ ਬਚਾਇਆ ਜਾ ਸਕੇ | ਜਿਹੜੀ ਕਣਕ ਅਜੇ ਗੋਭ ਵਾਲੇ ਪੱਤੇ ਦੇ ਮਰਹਲੇ 'ਤੇ ਹੈ, ਉਸ ਨੂੰ ਉੱਚ ਤਾਪਮਾਨ ਤੋਂ ਬਚਾਉਣ ਲਈ 2 ਫ਼ੀਸਦੀ ਪੋਟਾਸ਼ੀਅਮ ਨਾਈਟਰੇਟ (13:0:45) ਦੀ ਸਪਰੇਅ ਕੀਤੀ ਜਾਵੇ | ਇਸ ਲਈ 4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟਰੇਟ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪਹਿਲੀ ਸਪਰੇਅ ਗੋਭ ਵਾਲਾ ਪੱਤਾ ਨਿਕਲਣ 'ਤੇ ਅਤੇ ਦੂਜੀ ਸਪਰੇਅ ਬੂਰ ਪੈਣ ਸਮੇਂ ਕੀਤੀ ਜਾ ਸਕਦੀ ਹੈ | ਇਹ ਸਪਰੇਅ ਸ਼ਾਮ ਦੇ ਸਮੇਂ ਕਰਨੀ ਉਚਿਤ ਰਹੇਗੀ | ਮਾਹਿਰਾਂ ਅਨੁਸਾਰ ਫ਼ਸਲ ਨੂੰ ਹਲਕਾ ਪਾਣੀ ਲਗਾਉਣ ਅਤੇ ਪੋਟਾਸ਼ੀਅਮ ਨਾਈਟਰੇਟ ਦੀ ਸਹੀ ਸਮੇਂ ਸਪਰੇਅ ਕਰਨ ਨਾਲ ਉੱਚ ਤਾਪਮਾਨ ਦੇ ਮਾੜੇ ਪ੍ਰਭਾਵ ਤੋਂ ਕਾਫ਼ੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ ਅਤੇ ਕਣਕ ਦੇ ਝਾੜ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ |
ਪਿਛਲੀ ਖ਼ਬਰ ਸਾਦਿਕ ਦੀ ਜੰਡ ਸਾਹਿਬ ਰੋਡ 'ਤੇ ਨਾਜਾਇਜ਼ ਕਬਜ਼ਿਆਂ ਕਾਰਨ ਰਹਿੰਦਾ ਹੈ ਟਰੈਫ਼ਿਕ ਜਾਮ ਅਗਲੀ ਖ਼ਬਰ ਸ਼ਹੀਦੀ ਦਿਹਾੜੇ 'ਤੇ ਪਾਕਿਸਤਾਨ ਜਾਣ ਵਾਲੀਆਂ ਸੰਗਤਾਂ 5 ਮਾਰਚ ਤੱਕ ਕਰ ਸਕਦੀਆਂ ਹਨ ਅਪਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।