ਬਰਗਾੜੀ, 27 ਫ਼ਰਵਰੀ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੇ ਨੌਜਵਾਨ ਬੈਡਮਿੰਟਨ ਖ਼ਿਡਾਰੀ ਕਰਨਵੀਰ ਸਿੰਘ ਢਿੱਲੋਂ ਅਤੇ ਗੁਰਪ੍ਰੀਤ ਸਿੰਘ ਨੂੰ ਪਿੰਡ ਵਾਂਦਰ ਵਿਖੇ ਹੋਏ ਬੈਡਮਿੰਟਨ ਟੂਰਨਾਮੈਂਟ ਵਿਚ ਪਹਿਲਾ ਸਥਾਨ ਹਾਸਿਲ ਕਰਨ ਤੇ ਸਨਮਾਨਿਤ ਕੀਤਾ ਗਿਆ | ਇੰਨ੍ਹਾਂ ਖਿਡਾਰੀਆਂ ਨੂੰ ਟਰਾਫ਼ੀਆਂ ਅਤੇ ਨਗਦ ਇਨਾਮਾਂ ਨਾਲ ਸਨਮਾਨਿਤ ਕਰਦਿਆਂ ਟੂਰਨਾਮੈਂਟ ਪ੍ਰਬੰਧਕਾਂ ਨੇ ਕਿਹਾ ਕਿ ਇੰਨ੍ਹਾਂ ਖ਼ਿਡਾਰੀਆਂ ਨੇ ਆਪਣੀ ਖੇਡ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ | ਅਜਿਹੇ ਖਿਡਾਰੀਆਂ ਦੀ ਮਿਹਨਤ ਨਾਲ ਹੋਰਨਾਂ ਨੌਜਵਾਨਾਂ ਨੂੰ ਵੀ ਚੰਗੀ ਪ੍ਰੇਰਨਾ ਮਿਲਦੀ ਹੈ ਅਤੇ ਨੌਜਵਾਨਾਂ ਵਿਚ ਖ਼ੇਡਾਂ ਪ੍ਰਤੀ ਉਤਸ਼ਾਹ ਵੱਧਦਾ ਹੈ | ਇਨ੍ਹਾਂ ਦੋਨੋਂ ਖ਼ਿਡਾਰੀਆਂ ਤੋਂ ਇਲਾਵਾ ਕਸਬਾ ਬਰਗਾੜੀ ਦੇ ਬਹੁਤ ਸਾਰੇ ਨੌਜਵਾਨ ਆਪਣੇ ਰੋਜ਼ਮਰ੍ਹਾ ਦੇ ਕੰਮਾਂ ਕਾਰਾਂ ਨਾਲ ਖ਼ੇਡਾਂ ਵਲ ਵੀ ਧਿਆਨ ਦਿੰਦੇ ਹਨ ਅਤੇ ਖ਼ੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਦੇ ਹਨ | ਇੰਨ੍ਹਾਂ ਖ਼ਿਡਾਰੀਆਂ ਦੀ ਇਸ ਪ੍ਰਾਪਤੀ 'ਤੇ ਇਲਾਕਾ ਬਰਗਾੜੀ ਦੇ ਸਮੂਹ ਖ਼ੇਡ ਪ੍ਰੇਮੀਆਂ, ਖੇਡ ਕਲੱਬਾਂ, ਮੌਜੂਦਾ ਅਤੇ ਸਾਬਕਾ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਆਦਿ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇੰਨ੍ਹਾਂ ਖ਼ਿਡਾਰੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਟੂਰਨਾਮੈਂਟ ਪ੍ਰਬੰਧਕਾਂ ਤੋਂ ਇਲਾਵਾ ਬਰਗਾੜੀ ਦੇ ਖ਼ਿਡਾਰੀ ਸੁਖਪ੍ਰੀਤ ਬਰਾੜ, ਜੇ.ਈ. ਅਭਿਸ਼ੇਕ ਕੁਮਾਰ, ਵਿੱਕੂ ਸ਼ਰਮਾ ਆਦਿ ਹਾਜ਼ਰ ਸਨ |