ਫ਼ਰੀਦਕੋਟ, 28 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਸਰਕਾਰੀ ਹਾਈ ਸਕੂਲ ਡੱਲੇਵਾਲਾ ਵਿਖੇ ਜੈਸਮੀਨ ਈਕੋ ਕਲੱਬ ਵਲੋਂ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ 'ਵੇਸਟ ਟੂ ਵੈਲਥ' ਵਿਸ਼ੇ 'ਤੇ ਇਕ ਵਰਕਸ਼ਾਪ ਲਗਾਈ ਗਈ ਜਿਸ ਵਿਚ ਸਕੂਲ ਦੇ 6ਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚ ਲੜਕੀਆਂ ਵੀ ਸ਼ਾਮਿਲ ਸਨ | ਇਸ ਵਰਕਸ਼ਾਪ ਵਿਚ ਰੀਸੋਰਸ ਪਰਸਨ ਦੇ ਤੌਰ 'ਤੇ ਗੁਰਪ੍ਰੀਤ ਕੌਰ ਪਹੁੰਚੇ | ਵਰਕਸ਼ਾਪ ਵਿਚ ਬੱਚਿਆਂ ਦੇ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ | ਬੱਚੇ ਅਤੇ ਉਨ੍ਹਾਂ ਦੇ ਮਾਪੇ ਆਪਣੇ ਆਪਣੇ ਘਰਾਂ ਤੋਂ ਪੁਰਾਣੇ ਕਪੜੇ ਅਤੇ ਹੋਰ ਘਰਾਂ ਵਿਚ ਪਿਆ ਫ਼ਾਲਤੂ ਸਮਾਨ ਲੈ ਕੇ ਆਏ ਸਨ | ਗੁਰਪ੍ਰੀਤ ਕੌਰ ਨੇ ਬੜੇ ਹੀ ਸੁਚੱਜੇ ਢੰਗ ਨਾਲ ਸਕੂਲ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੇਸਟ ਮਟੀਰੀਅਲ ਤੋਂ ਤਰ੍ਹਾਂ ਤਰ੍ਹਾਂ ਦਾ ਸਮਾਨ ਤਿਆਰ ਕਰਨਾ ਸਿਖਾਇਆ ਜਿਸ ਵਿਚ ਪਰਸ, ਫੁੱਟ ਮੈਟ, ਖਿਡੌਣੇ ਅਤੇ ਸਜਾਵਟੀ ਸਮਾਨ ਤਿਆਰ ਕਰਨਾ ਸਿਖਾਇਆ ਤਾਂ ਜੋ ਆਪਣੇ ਘਰਾਂ ਵਿਚ ਪਏ ਫ਼ਾਲਤੂ ਸਮਾਨ ਤੋਂ ਚੀਜ਼ਾਂ ਤਿਆਰ ਕਰਕੇ ਵੇਚ ਸਕਣ ਦੇ ਕਾਬਲ ਹੋ ਜਾਣ | ਵਰਕਸ਼ਾਪ ਦੌਰਾਨ ਭਾਗੀਦਾਰਾਂ ਨੂੰ ਰਿਫ਼ਰੈਸ਼ਮੈਂਟ ਦਿੱਤੀ ਗਈ ਅਤੇ ਹਰੇਕ ਭਾਗੀਦਾਰ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਵਰਕਸ਼ਾਪ ਸਫ਼ਲਪੂਰਵਕ ਨੇਪਰੇ ਚਾੜ੍ਹਨ ਲਈ ਸਕੂਲ ਅਧਿਆਪਕ ਗੁਰਮੇਲ ਸਿੰਘ ਅਤੇ ਵਿਜੇ ਕੁਮਾਰ ਨੇ ਵੀ ਸਹਿਯੋਗ ਦਿੱਤਾ |