ਫ਼ਰੀਦਕੋਟ, 28 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵਲੋਂ ਡਾਇਰੈਕਟੋਰੇਟ ਆਫ਼ ਹੈਲਥ ਸਰਵਿਸਜ਼ ਅਧੀਨ ਨਵ ਨਿਯੁਕਤ ਸਟਾਫ਼ ਨਰਸਾਂ ਲਈ ਤਿੰਨ ਹਫ਼ਤਿਆਂ ਦਾ ਇੰਡਕਸ਼ਨ ਟਰੇਨਿੰਗ ਪ੍ਰੋਗਰਾਮ ਸਫ਼ਲਤਾ ਪੂਰਵਕ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨਵ-ਨਿਯੁਕਤ ਨਰਸਿੰਗ ਸਟਾਫ਼ ਦੀ ਕਲੀਨਿਕਲ ਯੋਗਤਾ, ਪ੍ਰਯੋਗਾਤਮਕ ਹੁਨਰ ਅਤੇ ਮਰੀਜ਼ ਸੰਭਾਲ ਦੀ ਗੁਣਵੱਤਾ ਵਿਚ ਸੁਧਾਰ ਲਿਆਉਣਾ ਸੀ, ਤਾਂ ਜੋ ਸਰਕਾਰੀ ਸਿਹਤ ਸੰਸਥਾਵਾਂ ਵਿਚ ਮਰੀਜ਼ਾਂ ਨੂੰ ਉੱਚ ਪੱਧਰੀ ਅਤੇ ਸੁਰੱਖਿਅਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ | ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ਦੇ ਪਿ੍ੰਸੀਪਲ ਡਾ. ਹਰਦੀਪ ਕੌਰ ਮੱਲ ਨੇ ਟਰੇਨਿੰਗ ਪ੍ਰੋਗਰਾਮ ਦੌਰਾਨ ਲਗਾਤਾਰ ਮਾਰਗਦਰਸ਼ਨ, ਅਕਾਦਮਿਕ ਦਿਸ਼ਾ-ਨਿਰਦੇਸ਼ ਅਤੇ ਪ੍ਰਸ਼ਾਸਕੀ ਸਹਿਯੋਗ ਪ੍ਰਦਾਨ ਕੀਤਾ | ਵਾਈਸ ਪਿ੍ੰਸੀਪਲ ਹੇਮੰਤ ਕੁਮਾਰ ਸੈਣੀ ਨੇ ਪ੍ਰੋਗਰਾਮ ਦੌਰਾਨ ਸਾਈਡ ਬਾਈ ਸਾਈਡ ਰਹਿਨੁਮਾਈ ਅਤੇ ਨਿਰੰਤਰ ਸਹਿਯੋਗ ਦਿੱਤਾ | ਇਸ ਇੰਡਕਸ਼ਨ ਟਰੇਨਿੰਗ ਪ੍ਰੋਗਰਾਮ ਦੀ ਯੋਜਨਾ, ਸੰਯੋਜਨ ਅਤੇ ਸਫ਼ਲ ਆਯੋਜਨ ਡਾ. ਮਨਦੀਪ ਕੌਰ ਐਸੋਸੀਏਟ ਪ੍ਰੋਫੈਸਰ ਅਤੇ ਸਹਾਇਕ ਪ੍ਰੋਫੈਸਰ ਗੁਰਬੀਰ ਕੌਰ ਵਲੋਂ ਕੀਤਾ ਗਿਆ | ਪ੍ਰੋਗਰਾਮ ਦੌਰਾਨ ਕੁੱਲ 150 ਸਟਾਫ਼ ਨਰਸਾਂ ਨੂੰ ਤਿੰਨ ਵੱਖ-ਵੱਖ ਬੈਚਾਂ ਵਿਚ ਸਿੱਖਿਅਤ ਕੀਤਾ ਗਿਆ | ਟਰੇਨਿੰਗ ਦੌਰਾਨ ਥਿਊਰੀ ਸੈਸ਼ਨਾਂ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅਤੇ ਯੂਨੀਵਰਸਿਟੀ ਦੀ ਆਧੁਨਿਕ ਸਕਿਲ ਲੈਬ ਵਿਚ ਵਿਸਤਿ੍ਤ ਹੈਂਡਜ਼-ਆਨ ਟਰੇਨਿੰਗ ਕਰਵਾਈ ਗਈ, ਜਿਸ ਨਾਲ ਭਾਗੀਦਾਰਾਂ ਨੂੰ ਅਸਲ ਕਲੀਨਿਕਲ ਸਥਿਤੀਆਂ ਦਾ ਪ੍ਰਯੋਗਾਤਮਕ ਅਨੁਭਵ ਪ੍ਰਾਪਤ ਹੋਇਆ | ਇਸ ਪ੍ਰੋਗਰਾਮ ਨੇ ਸਟਾਫ਼ ਨਰਸਾਂ ਦੇ ਵਿਵਹਾਰਕ ਗਿਆਨ, ਟੀਮ ਵਰਕ, ਸੰਚਾਰ ਕੌਸ਼ਲ ਅਤੇ ਐਮਰਜੈਂਸੀ ਪ੍ਰਬੰਧਨ ਸਮਰੱਥਾ ਨੂੰ ਮਜ਼ਬੂਤ ਕੀਤਾ | ਅੰਤ ਵਿਚ ਡੀ.ਐਚ.ਐਸ. ਸਟਾਫ਼ ਵਲੋਂ ਵਾਈਸ ਚਾਂਸਲਰ ਡਾ. ਰਾਜੀਵ ਸੂਦ, ਰਜਿਸਟਰਾਰ ਡਾ. ਅਰਵਿੰਦ ਕੁਮਾਰ, ਮੈਡੀਕਲ ਸੁਪਰਡੈਂਟ ਡਾ. ਨੀਤੂ ਕੁਕੜ, ਪਿ੍ੰਸੀਪਲ ਡਾ. ਹਰਦੀਪ ਕੌਰ ਮੱਲ, ਵਾਈਸ ਪਿ੍ੰਸੀਪਲ ਹੇਮੰਤ ਕੁਮਾਰ ਸੈਣੀ ਅਤੇ ਸਮੂਹ ਟਰੇਨਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ |