ਬਰਗਾੜੀ, 28 ਫ਼ਰਵਰੀ (ਲਖਵਿੰਦਰ ਸ਼ਰਮਾ)-ਕਾਂਗਰਸ ਪਾਰਟੀ ਵਲੋਂ ਅੱਜ ਬਰਨਾਲਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਪਿੰਡ ਨਿਆਮੀਵਾਲਾ ਬਹਿਬਲ ਖੁਰਦ ਤੋਂ ਕਾਂਗਰਸੀ ਵਰਕਰਾਂ ਦਾ ਵੱਡਾ ਕਾਫ਼ਲਾ ਸੀਨੀਅਰ ਆਗੂ ਕੁਲਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਰਵਾਨਾ ਹੋਇਆ | ਇਸ ਸਮੇਂ ਵੱਡੀ ਗਿਣਤੀ ਵਿਚ ਇਕੱਤਰ ਹੋਏ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਬਰਾੜ ਅਤੇ ਯੂਥ ਆਗੂ ਡਾ. ਬਲਜਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਜਾਤੀਵਾਦ 'ਤੇ ਸਿਆਸਤ ਨਹੀਂ ਕਰਦੀ | ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਹਮੇਸ਼ਾਂ ਸਭ ਵਰਗਾਂ ਨੂੰ ਨਾਲ ਲੈ ਕੇ ਕੰਮ ਕੀਤੇ ਹਨ ਅਤੇ ਸਾਰੇ ਲੋਕਾਂ ਨੂੰ ਬਰਾਬਰ ਸਹੂਲਤਾਂ ਦਿੱਤੀਆਂ ਹਨ | ਕਾਂਗਰਸ ਦੀ ਡਾ. ਮਨਮੋਹਨ ਸਿੰਘ ਵਾਲੀ ਕਾਂਗਰਸ ਸਰਕਾਰ ਨੇ ਸਮੂਹ ਦੇਸ਼ ਦੇ ਗਰੀਬ ਲੋਕਾਂ ਨੂੰ ਬਿਨਾਂ ਭੇਦਭਾਵ ਮਨਰੇਗਾ ਤਹਿਤ ਰੁਜ਼ਗਾਰ ਦਿੱਤਾ ਸੀ ਜੋ ਹੁਣ ਭਾਜਪਾ ਦੀ ਸਰਕਾਰ ਇਸ ਮਨਰੇਗਾ ਸਕੀਮ ਨੂੰ ਆਨੇ ਬਹਾਨੇ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਭਾਜਪਾ ਦੀ ਕੇਂਦਰ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ ਦੇ ਹੱਕ ਕੁਚਲਦਿਆਂ ਅਮਰੀਕਾ ਨਾਲ ਸਮਝੌਤੇ ਕਰ ਲਏ ਹਨ | ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੀ ਆਪਣਾ ਕੋਈ ਚੋਣ ਵਾਅਦਾ ਪੂਰਾ ਨਾ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਸਿਰਫ਼ ਚੁਟਕਲੇ ਹੀ ਸੁਣਾਏ ਹਨ | ਅਕਾਲੀ ਦਲ ਦੀਆਂ ਸਰਕਾਰਾਂ ਅਤੇ ਪਾਰਟੀ ਦਾ ਮਾੜਾ ਹਸ਼ਰ ਵੀ ਸਭ ਦੇ ਸਾਹਮਣੇ ਹੈ | ਕਾਂਗਰਸ ਪਾਰਟੀ ਇਕ ਧਰਮ ਨਿਰਪੱਖ ਪਾਰਟੀ ਹੈ ਅਤੇ ਸਾਰੇ ਧਰਮਾਂ ਦਾ ਬਰਾਬਰ ਵਿਕਾਸ ਅਤੇ ਪ੍ਰਚਾਰ ਚਾਹੁੰਦੀ ਹੈ | ਕਾਂਗਰਸ ਨੇ ਕਦੇ ਵੀ ਧਰਮ ਦੇ ਨਾਂਅ 'ਤੇ ਘਟੀਆ ਸਿਆਸਤ ਨਹੀਂ ਕੀਤੀ | ਆਉਣ ਵਾਲੀ 2027 ਦੀ ਸਰਕਾਰ ਫਿਰ ਤੋਂ ਕਾਂਗਰਸ ਪਾਰਟੀ ਦੀ ਬਣੇਗੀ, ਜਿਸ ਲਈ ਪੰਜਾਬ ਕਾਂਗਰਸ ਦੀ ਸਾਰੀ ਸੀਨੀਅਰ ਲੀਡਰਸ਼ਿਪ ਪੂਰੀ ਏਕਤਾ ਨਾਲ ਯਤਨਸ਼ੀਲ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਵਰਕਰ ਆਦਿ ਹਾਜ਼ਰ ਸਨ |