ਸ੍ਰੀ ਮੁਕਤਸਰ ਸਾਹਿਬ, 28 ਫ਼ਰਵਰੀ (ਹਰਮਹਿੰਦਰਪਾਲ)-ਸਥਾਨਕ ਨਗਰ ਕੌਂਸਲ ਵਲੋਂ ਸ਼ਹਿਰ ਦੀ ਬਠਿੰਡਾ ਰੋਡ ਸਥਿਤ ਚੱਕ ਰਾਮ ਨਗਰ ਬਸਤੀ ਵਿਖੇ ਪਿਛਲੇ ਲੰਮੇ ਸਮੇਂ ਤੋਂ ਸਟਰੀਟ ਲਾਈਟਾਂ ਨਹੀਂ ਲਗਾਈਆਂ ਗਈਆਂ | ਇਨ੍ਹਾਂ ਲਾਈਟਾਂ ਦੀ ਅਣਹੋਂਦ ਕਾਰਨ ਮੁਹੱਲਾ ਨਿਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਈ ਵਾਰ ਹਨੇਰੇ ਦਾ ਫਾਇਦਾ ਉਠਾ ਕੇ ਗੈਰ ਸਮਾਜੀ ਤੱਤਾਂ ਵਲੋਂ ਗੈਰ ਕਾਨੂੰਨੀ ਕਾਰਵਾਈਆਂ ਕੀਤੇ ਜਾਣ ਦੀ ਸੰਭਾਵਨਾ ਵਧ ਜਾਂਦੀ ਹੈ | ਐਨਾ ਹੀ ਨਹੀਂ ਮੁਹੱਲੇ ਅੰਦਰ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦੀਆਂ ਪਾਈਪ ਲਾਈਨਾਂ ਪਾਉਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ | ਮੁਹੱਲੇ ਦੀ ਮੇਨ ਐਂਟਰੀ ਵਾਲੀਆਂ ਗਲੀਆਂ ਸਮੇਤ ਕਰੀਬ ਸਾਰੀਆਂ ਗਲੀਆਂ ਪੁੱਟੀਆਂ ਹੋਈਆਂ ਹਨ ਅਤੇ ਸੀਵਰੇਜ ਲਈ ਬਣਾਏ ਜਾਣ ਵਾਲੇ ਮੇਨ ਹੋਲਾਂ ਵਾਸਤੇ ਡੂੰਘੇ ਖੱਡੇ ਬਣੇ ਹੋਏ ਹਨ | ਅਜਿਹੀਆਂ ਹਾਲਤਾਂ ਵਿਚ ਸਟਰੀਟ ਲਾਈਟਾਂ ਦੀ ਅਣਹੋਂਦ ਅਤੇ ਹਨੇਰੇ ਕਾਰਨ ਹਾਦਸੇ ਵੱਧਣ ਦਾ ਖਦਸ਼ਾ ਹੋਰ ਵੀ ਵੱਧ ਜਾਂਦਾ ਹੈ | ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਇੱਥੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਕਤ ਮੁਹੱਲਾ ਨਿਵਾਸੀਆਂ ਵਲੋਂ ਇਹ ਮਾਮਲਾ ਉਨ੍ਹਾਂ ਦੀ ਸੰਸਥਾ ਦੇ ਧਿਆਨ ਵਿਚ ਲਿਆਂਦਾ ਗਿਆ ਹੈ | ਪ੍ਰਧਾਨ ਢੋਸੀਵਾਲ ਨੇ ਲੋਕ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨ ਵਾਲੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਰੁਣ ਸਹੋਤਾ ਨੂੰ ਇਸ ਮਾਮਲੇ ਵੱਲ ਤੁਰੰਤ ਨਿੱਜੀ ਧਿਆਨ ਦੇਣ ਦੀ ਅਪੀਲ ਕੀਤੀ ਹੈ | ਢੋਸੀਵਾਲ ਨੇ ਕਿਹਾ ਹੈ ਕਿ ਉਕਤ ਮੁਹੱਲੇ ਚੱਕ ਰਾਮ ਨਗਰ ਦੀਆਂ ਸਾਰੀਆਂ ਗਲੀਆਂ ਵਿਚ ਤੁਰੰਤ ਸਟਰੀਟ ਲਾਈਟਾਂ ਲਗਵਾਈਆਂ ਜਾਣ ਅਤੇ ਮੁਹੱਲਾ ਨਿਵਾਸੀਆਂ ਦੀ ਮੰਗ ਨੂੰ ਪੂਰਾ ਕੀਤਾ ਜਾਵੇ |