ਸ੍ਰੀ ਮੁਕਤਸਰ ਸਾਹਿਬ, 28 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੀ 'ਆਪ' ਸਰਕਾਰ ਨੂੰ ਸੁਤੰਤਰਤਾ ਸੈਨਾਨੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਨੇ ਚਾਹੀਦੇ ਹਨ, ਜਿਨ੍ਹਾਂ ਨੇ ਅਨੇਕਾਂ ਕਸ਼ਟ ਝੱਲਦਿਆਂ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਉਮਰਾਂ ਲਗਾਈਆਂ ਹਨ | ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਨੇ ਵੀ ਆਪਣੇ ਬਾਪ-ਦਾਦਿਆਂ ਵਲੋਂ ਆਜ਼ਾਦੀ ਦੇ ਸੰਘਰਸ਼ ਵਿਚ ਕੱਟੀਆਂ ਗਈਆਂ ਜੇਲ੍ਹਾਂ ਦੌਰਾਨ ਔਕੜਾਂ ਨੂੰ ਹੱਡੀਂ ਹੰਢਾਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਤੇ ਉਤਰਾਧਿਕਾਰੀ ਸੰਯੁਕਤ ਸੰਗਠਨ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਸੰਘਾ ਨੇ ਸੰਗਠਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਉਪਰੰਤ ਪ੍ਰੈੱਸ ਮਿਲਣੀ ਦੌਰਾਨ ਕੀਤਾ | ਉਨ੍ਹਾਂ ਆਖਿਆ ਕਿ ਸੁਤੰਤਰਤਾ ਸੈਨਾਨੀ ਭਲਾਈ ਵਿਭਾਗ ਦੇ ਹੁੰਦਿਆਂ ਵੀ ਸਰਕਾਰਾਂ ਵਲੋਂ ਅਕਸਰ ਦੇਸ਼ ਭਗਤ ਪਰਿਵਾਰਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ | ਪਰਿਵਾਰਾਂ ਨੂੰ ਤੁੱਛ ਸਹੂਲਤਾਂ ਲਈ ਸਰਕਾਰੀ ਦਫ਼ਤਰਾਂ ਵਿਚ ਖ਼ੱਜਲ-ਖ਼ੁਆਰ ਹੋਣਾ ਪੈਂਦਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੁਤੰਤਰਤਾ ਸੈਨਾਨੀ ਪਰਿਵਾਰਾਂ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਰਾਖਵਾਂਕਰਨ 1 ਫ਼ੀਸਦੀ ਤੋਂ ਵਧਾ ਕੇ ਪਹਿਲਾਂ ਵਾਲਾ 5 ਫ਼ੀਸਦੀ ਰਾਖਵਾਂਕਰਨ ਕੋਟਾ ਬਹਾਲ ਕੀਤਾ ਜਾਵੇ | ਸੰਗਠਨ ਦੇ ਸੂਬਾਈ ਆਗੂ ਨੇ ਸੁਤੰਤਰਤਾ ਸੈਨਾਨੀ ਪਰਿਵਾਰਾਂ ਨੂੰ ਖੇਤੀ ਲਈ ਮੋਟਰ ਕੁਨੈਕਸ਼ਨ ਤੇ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਸੁਚਾਰੂ ਤੇ ਸੁਖਾਵੇਂ ਰੂਪ ਵਿਚ ਲਾਗੂ ਕਰਨ ਦੀ ਵੀ ਪੁਰਜ਼ੋਰ ਮੰਗ ਕੀਤੀ | ਇਸ ਮੌਕੇ ਉਨ੍ਹਾਂ ਨਾਲ ਸੰਗਠਨ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਵਰਨ ਲੱਖੇਵਾਲੀ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬਰਾੜ, ਸੁਖਮੰਦਰ ਸਿੰਘ ਬੇਦੀ, ਗੁਰਦਿੱਤ ਸਿੰਘ ਖੂੰਨਣ ਖੁਰਦ, ਡਾ. ਹਰਿੰਦਰਪਾਲ ਸਿੰਘ ਮਹਿਰੋਂ, ਰੂਪ ਸਿੰਘ ਬਰਗਾੜੀ ਤੇ ਅਮਰਜੀਤ ਸਿੰਘ ਬੁੱਟਰ ਵੀ ਮੌਜੂਦ ਸਨ |