ਪੰਜਗਰਾੲੀਂ ਕਲਾਂ, 29 ਮਾਰਚ (ਸੁਖਮੰਦਰ ਸਿੰਘ ਬਰਾੜ)-ਪਿੰਡ ਬੱਗੇਆਣਾ ਖ਼ੁਰਦ 'ਚ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਔਲਖ ਦੀ ਅਗਵਾਈ ਹੇਠ ਮਜ਼ਦੂਰਾਂ ਦੀ ਨੁੱਕੜ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਇਸਤਰੀ ਆਗੂ ਵੀਰਪਾਲ ਕੌਰ ਨੇ 8 ਅਪ੍ਰੈਲ ਨੂੰ ਦਿਹਾਤੀ ਮਜ਼ਦੂਰਾਂ ਵਲੋਂ ਜਲੰਧਰ 'ਚ ਕੀਤੀ ਜਾ ਰਹੀ ਰੈਲੀ 'ਚ ਪਹੁੰਚਣ ਦੀ ਅਪੀਲ ਕੀਤੀ | ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਵੀਰਇੰਦਰਜੀਤ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਮਜ਼ਦੂਰਾਂ ਤੇ ਕਿਸਾਨਾਂ ਉੱਪਰ ਥੋਪੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ ਤੇ ਇਨ੍ਹਾਂ ਨੀਤੀਆਂ ਖ਼ਿਲਾਫ਼ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ | ਉਨ੍ਹਾਂ ਜਮਹੂਰੀ ਕਿਸਾਨ ਸਭਾ ਫ਼ਰੀਦਕੋਟ ਵਲੋਂ ਛੋਟੇ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਨੂੰ ਹੱੱਥੀਂ ਕੰਮ ਕਰਕੇ ਰੁਜ਼ਗਾਰ ਪ੍ਰਾਪਤ ਕਰਨ ਦੇ ਹੁਨਰ ਦੀ ਜਾਣਕਾਰੀ ਦੇਣ ਲਈ ਜਲਦੀ ਹੀ ਮੀਟਿੰਗਾਂ ਕਰਵਾਈਆਂ ਜਾਣਗੀਆਂ ਬਾਰੇ ਵੀ ਜਾਣਕਾਰੀ ਦਿੱਤੀ | ਮੀਟਿੰਗ ਦੌਰਾਨ ਇਰਾਨ-ਅਮਰੀਕਾ ਦੀ ਜੰਗ 'ਚ ਮਾਰੇ ਗਏ ਨਿਹੱਥੇ ਲੋਕਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ |