ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਹਰਮਹਿੰਦਰਪਾਲ)-ਸ੍ਰੀ ਮੁਕਤਸਰ ਸਾਹਿਬ ਦੇ ਘਾਹ ਮੰਡੀ ਚੌਂਕ ਦੇ ਨਜ਼ਦੀਕ ਇਕ ਕੱਪੜਾ ਵਪਾਰੀ ਦੇ ਬਾਰਦਾਨੇ ਦੇ ਗੋਦਾਮ ਵਿਚ ਅਚਾਨਕ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ | ਜਾਣਕਾਰੀ ਮੁਤਾਬਿਕ ਗੋਦਾਮ ਦੇ ਅੰਦਰ ਵੱਡੀ ਮਾਤਰਾ ਵਿਚ ਬਾਰਦਾਨਾ ਅਤੇ ਹੋਰ ਸਮਾਨ ਰੱਖਿਆ ਹੋਇਆ ਸੀ ਜੋ ਅੱਗ ਦੀ ਲਪੇਟ ਵਿਚ ਆ ਕੇ ਪੂਰੀ ਤਰ੍ਹਾਂ ਸਵਾਹ ਹੋ ਗਿਆ | ਇਸ ਦੌਰਾਨ ਗੋਦਾਮ ਦੇ ਅੰਦਰ ਖੜਾ ਇਕ ਮੋਟਰਸਾਈਕਲ ਵੀ ਅੱਗ ਦੀ ਚਪੇਟ ਵਿਚ ਆ ਗਿਆ | ਗੋਦਾਮ ਮਾਲਕ ਸੰਦੀਪ ਨੇ ਦੱਸਿਆ ਕਿ ਅੱਗ ਸਭ ਤੋਂ ਪਹਿਲਾਂ ਗੋਦਾਮ ਦੇ ਬਾਹਰ ਲੱਗੀ ਸੀ ਅਤੇ ਬਾਅਦ ਵਿਚ ਅੰਦਰ ਤੱਕ ਫ਼ੈਲ ਗਈ, ਜਿਸ ਨਾਲ ਅੰਦਰ ਪਿਆ ਸਾਰਾ ਬਾਰਦਾਨਾ ਸੜ ਗਿਆ | ਉਨ੍ਹਾਂ ਇਹ ਵੀ ਸੰਭਾਵਨਾ ਜਤਾਈ ਕਿ ਬਾਹਰ ਕੂੜੇ ਨੂੰ ਲੱਗੀ ਅੱਗ ਹੀ ਇਸ ਘਟਨਾ ਦਾ ਕਾਰਨ ਬਣੀ ਹੋ ਸਕਦੀ ਹੈ | ਉਧਰ ਫ਼ਾਇਰ ਬਿ੍ਗੇਡ ਦੇ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਕਰੀਬ 12 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਘਾਹ ਮੰਡੀ ਵਿਚ ਇਕ ਬੰਦ ਪਈ ਦੁਕਾਨ ਵਿਚ ਅੱਗ ਲੱਗ ਗਈ ਹੈ | ਉਨ੍ਹਾਂ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਪਹਿਲਾਂ ਛੋਟੀ ਗੱਡੀ ਅਤੇ ਫਿਰ ਵੱਡੀ ਗੱਡੀ ਦੀ ਮਦਦ ਨਾਲ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਅੰਦਰ ਧੂੰਆਂ ਬਹੁਤ ਜ਼ਿਆਦਾ ਹੋਣ ਕਾਰਨ ਅੱਗ ਬੁਝਾਉਣ ਵਿਚ ਕਾਫੀ ਮੁਸ਼ਕਿਲ ਆਈ ਅਤੇ ਟੀਮ ਨੂੰ ਅੰਦਰ ਵੜਨ ਲਈ ਵੀ ਕਾਫੀ ਜੱਦੋਜਹਿਦ ਕਰਨੀ ਪਈ |