ਫ਼ਰੀਦਕੋਟ, 30 ਮਾਰਚ (ਜਸਵੰਤ ਸਿੰਘ ਪੁਰਬਾ)-ਸਰਕਾਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਮਰੀਜ਼ਾਂ ਦੇ ਇਲਾਜ ਦੌਰਾਨ ਲਾਪ੍ਰਵਾਹੀ ਦੀਆਂ ਆ ਰਹੀਆਂ ਖ਼ਬਰਾਂ ਨਿੰਦਣਯੋਗ ਹਨ | ਪਿਛਲੇ ਦਿਨੀਂ ਪੁਲਿਸ ਵਿਭਾਗ ਦੇ ਇਕ ਸੇਵਾ ਮੁਕਤ ਏ.ਐਸ.ਆਈ. ਸੁਖਵਿੰਦਰ ਸਿੰਘ ਇਲਾਜ ਵਿਚ ਵਰਤੀ ਗਈ ਲਾਪ੍ਰਵਾਹੀ ਕਾਰਨ ਉਸ ਨੂੰ ਮੌਤ ਦੇ ਮੂੰਹ ਵਿਚ ਚਲੇ ਗਏ | ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ | ਅੱਜ ਇੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਦੋਸ਼ ਲਗਾਇਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦੇ ਸਮੇਂ ਮਰੀਜ਼ਾਂ ਦੀ ਇਲਾਜ ਪ੍ਰਣਾਲੀ ਸਹੀ ਢੰਗ ਨਾਲ ਚੱਲ ਰਹੀ ਸੀ ਪ੍ਰੰਤੂ ਹੁਣ ਮੈਡੀਕਲ ਕਾਲਜ ਵਿਚ ਪੂਰੀ ਤਰ੍ਹਾਂ ਰਾਜਸੀਕਰਨ ਹੋਇਆ ਪਿਆ ਹੈ | ਸੱਤਾਧਾਰੀ ਰਾਜਨੀਤਿਕ ਆਗੂਆਂ ਦੀ ਬੇਲੋੜੀ ਦਖ਼ਲਅੰਦਾਜ਼ੀ ਕਾਰਨ ਮੈਡੀਕਲ ਹਸਪਤਾਲ ਦਾ ਸਮੁੱਚਾ ਢਾਂਚਾ ਅਸਥਿਰ ਹੋ ਕੇ ਰਹਿ ਗਿਆ ਹੈ | ਹਰ ਰੋਜ਼ ਮਰੀਜ਼ਾਂ ਦੇ ਇਲਾਜ 'ਚ ਲਾਪ੍ਰਵਾਹੀ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ | ਗੁਰੂ ਜੀ ਦੇ ਪਵਿੱਤਰ ਨਾਂਅ 'ਤੇ ਬਣਿਆ ਇਹ ਹਸਪਤਾਲ ਆਪਣੇ ਫ਼ਰਜ਼ਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ | ਉਨ੍ਹਾਂ ਡਾਕਟਰਜ਼ ਸਾਹਿਬਾਨ ਤੇ ਮੈਡੀਕਲ ਸਟਾਫ਼ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਿੱਤੇ ਦੀ ਪੂਰੀ ਇਮਾਨਦਾਰੀ ਨਾਲ ਸੇਵਾ ਕਰਨ ਕਿਉਂਕਿ ਹਰ ਦੁਖੀ ਮਰੀਜ਼ ਆਪਣੇ ਇਲਾਜ ਲਈ ਇੱਥੇ ਆ ਰਿਹਾ ਹੈ ਤਾਂ ਕਿ ਉਹ ਤੰਦਰੁਸਤ ਹੋ ਕੇ ਮੁੜ ਆਪਣੇ ਪਰਿਵਾਰ 'ਚ ਖੁਸ਼ਹਾਲ ਜੀਵਨ ਬਤੀਤ ਕਰ ਸਕੇ | ਅਜਿਹਾ ਨਾ ਹੋਵੇ ਕਿ ਉਹ ਮੈਡੀਕਲ ਇਲਾਜ ਦੌਰਾਨ ਲਾਪ੍ਰਵਾਹੀ ਕਾਰਨ ਆਪਣਾ ਜੀਵਨ ਹੀ ਇੱਥੋਂ ਗਵਾ ਲਵੇ | ਉਨ੍ਹਾਂ ਇਸਦੇ ਨਾਲ ਹੀ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮੈਡੀਕਲ ਹਸਪਤਾਲ ਦੇ ਸੁਧਾਰ ਲਈ ਲੋੜੀਂਦੇ ਫ਼ੰਡ ਮੁਹੱਈਆ ਕਰਵਾਵੇ ਅਤੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਦੀ ਘਾਟ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰੇ | ਇਸ ਮੌਕੇ ਗੁਰਭਜਨ ਸਿੰਘ ਸੰਧੂ ਪ੍ਰਧਾਨ ਜ਼ਿਲ੍ਹਾ ਇੰਟਕ ਫ਼ਰੀਦਕੋਟ, ਗੁਰਬਿੰਦਰ ਸਿੰਘ ਸਾਬਕਾ ਸਰਪੰਚ ਕਾਰਜਕਾਰੀ ਪ੍ਰਧਾਨ ਬੀ.ਸੀ. ਸੈਲ ਫ਼ਰੀਦਕੋਟ, ਡਾ. ਕਸ਼ਮੀਰ ਸਿੰਘ ਸੀਨੀਅਰ ਕਾਂਗਰਸੀ ਆਗੂ ਆਦਿ ਵੀ ਹਾਜ਼ਰ ਸਨ |