17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਵਿਚਾਰ ਮੰਚ ਫ਼ਰੀਦਕੋਟ ਦਾ ਗਠਨ

ਅਜੀਤ ਡੈਸਕ 16-04-2026
ਫ਼ਰੀਦਕੋਟ, 15 ਅਪ੍ਰੈਲ (ਸਰਬਜੀਤ ਸਿੰਘ)-ਅੱਜ ਫ਼ਰੀਦਕੋਟ ਵਿਖੇ ਅਗਾਂਹਵਧੂ ਤੇ ਇਨਸਾਫਪਸੰਦ ਸ਼ਖ਼ਸੀਅਤਾਂ ਦੀ ਅਹਿਮ ਮੀਟਿੰਗ ਹੋਈ, ਜਿਸ 'ਚ ਸਮਾਜਿਕ ਚੇਤਨਾ ਤੇ ਬੌਧਿਕ ਲੜਾਈ ਨੂੰ ਤੇਜ ਕਰਨ ਲਈ 'ਵਿਚਾਰ ਮੰਚ ਫ਼ਰੀਦਕੋਟ' ਦਾ ਗਠਨ ਕੀਤਾ ਗਿਆ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਕਾਮਰੇਡ ਕੁਲਦੀਪ ਸ਼ਰਮਾ ਨੂੰ ਕਮੇਟੀ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮਾਸਟਰ ਮੱਖਣ ਸਿੰਘ ਨੇ ਕਿਹਾ ਕਿ ਅੱਜ ਦਾ ਦੌਰ ਬੇਹੱਦ ਚੁਣੌਤੀਪੂਰਨ ਹੈ | ਇਕ ਪਾਸੇ ਸਰਕਾਰਾਂ ਦੀਆਂ ਲੋਕ-ਮਾਰੂ ਨੀਤੀਆਂ ਕਾਰਨ ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਰਿਹਾ ਹੈ ਤੇ ਦੂਜੇ ਪਾਸੇ ਦੇਸ਼ 'ਚ ਵਧ ਰਿਹਾ ਫਾਸ਼ੀਵਾਦ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕੁਚਲ ਰਿਹਾ ਹੈ | ਅਜਿਹੇ ਸਮੇਂ 'ਵਿਚਾਰ ਮੰਚ ਫ਼ਰੀਦਕੋਟ' ਦਾ ਮੁੱਖ ਮਕਸਦ ਲੋਕਾਂ ਨੂੰ ਇਨ੍ਹਾਂ ਨੀਤੀਆਂ ਵਿਰੁੱਧ ਜਾਗਰੂਕ ਕਰਨਾ ਤੇ ਉਨ੍ਹਾਂ ਵਿਚ ਅਗਾਂਹਵਧੂ ਵਿਚਾਰਾਂ ਦਾ ਪ੍ਰਸਾਰ ਕਰਨਾ ਹੋਵੇਗਾ | ਮੰਚ ਦੇ ਆਗੂਆਂ ਨੇ ਕਿਹਾ ਕਿ ਮੌਜੂਦਾ ਸੰਕਟਾਂ ਦਾ ਹੱਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਵਿਚ ਪਿਆ ਹੈ | ਮੰਚ ਨੌਜਵਾਨਾਂ ਤੇ ਆਮ ਲੋਕਾਂ ਨੂੰ ਭਗਤ ਸਿੰਘ ਦੇ ਸੁਪਨਿਆਂ ਦੇ ਸਮਾਜ ਨਾਲ ਜੋੜਨ ਲਈ ਲਗਾਤਾਰ ਕੰਮ ਕਰੇਗਾ ਤੇ ਤਰਕਸ਼ੀਲਤਾ ਤੇ ਵਿਗਿਆਨਕ ਸੋਚ ਰਾਹੀਂ ਫਾਸੀਵਾਦੀ ਤਾਕਤਾਂ ਵਲੋਂ ਫੈਲਾਏ ਜਾ ਰਹੇ ਭਰਮ-ਭੁਲੇਖਿਆਂ ਦਾ ਟਾਕਰਾ ਕੀਤਾ ਜਾਵੇਗਾ | ਨਵ-ਨਿਯੁਕਤ ਕਨਵੀਨਰ ਕਾਮਰੇਡ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਮੰਚ ਦਾ ਦਾਇਰਾ ਵਧਾਇਆ ਜਾਵੇਗਾ ਤੇ ਲੋਕ ਮਾਰੂ ਨੀਤੀਆਂ ਤੇ ਸਮੇਂ ਸਮੇਂ 'ਤੇ ਸੈਮੀਨਾਰ ਕਰਵਾਏ ਜਾਣਗੇ ਤੇ ਬੁੱਧੀਜੀਵੀਆਂ, ਲੇਖਕਾਂ, ਵਿਦਿਆਰਥੀਆਂ ਤੇ ਮਜ਼ਦੂਰ-ਕਿਸਾਨਾਂ ਨੂੰ ਇਸ ਮੰਚ ਨਾਲ ਜੋੜਿਆ ਜਾਵੇਗਾ ਤਾਂ ਜੋ ਇਕ ਵੱਡੀ ਲੋਕ-ਲਹਿਰ ਸਿਰਜੀ ਜਾ ਸਕੇ | ਇਸ ਮੌਕੇ ਗੁਰਦਿਆਲ ਭੱਟੀ, ਨਵਪ੍ਰੀਤ ਨਵੀ, ਡਾਕਟਰ ਧਰਮਵੀਰ, ਸਰਬਜੀਤ ਕੌਰ ਆਦਿ ਨੇ ਵੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੀ ਨਿਖੇਧੀ ਕੀਤੀ ਤੇ ਸਮਾਜ ਨੂੰ ਜਥੇਬੰਦ ਹੋਣ ਦਾ ਸੱਦਾ ਦਿੱਤਾ |
ਪਿਛਲੀ ਖ਼ਬਰ ਸੁੱਖਾ ਖਾਰਾ ਤੇ ਜੈਪ੍ਰਕਾਸ਼ ਸ਼ਰਮਾ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਅਕਾਲੀ ਆਗੂ ਬਲਵੰਤ ਸਿੰਘ ਗਿੱਲ ਢਿੱਲਵਾਂ ਕਲਾਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।