ਮਲੋਟ, 30 ਅਪ੍ਰੈਲ (ਪਾਟਿਲ)- ਸੈਕਰਡ ਹਾਰਟ ਕਾਨਵੈਂਟ ਸਕੂਲ ਮਲੋਟ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਈਸੀਐਸਸੀ ਪ੍ਰੀਖਿਆ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਆ ਰੋਸ਼ਨ ਕੀਤਾ ਹੈ | ਨਤੀਜੇ ਦੇ ਐਲਾਨ ਤੋਂ ਬਾਅਦ ਸਕੂਲ ਵਿਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਰਿਹਾ | ਇਸ ਪ੍ਰੀਖਿਆ ਵਿਚ ਕਵਨਬੀਰ ਸਿੰਘ ਨੇ 98.4 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਚਾਹਤਵੀਰ ਕੌਰ ਨੇ 98.2 ਫੀਸਦੀ ਨਾਲ ਦੂਜਾ ਸਥਾਨ ਹਾਸਲ ਕੀਤਾ | ਆਸਥਾ ਅਤੇ ਅਨਾਹਤ ਕੌਰ ਨੇ 97.8 ਫੀਸਦੀ ਅੰਕ ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਤੀਜਾ ਸਥਾਨ ਆਪਣੇ ਨਾਮ ਕੀਤਾ | ਖ਼ਾਸ ਤੌਰ 'ਤੇ ਵਿਦਿਆਰਥਣ ਆਸਥਾ ਦੀ ਪ੍ਰਾਪਤੀ ਉਲੇਖਣਯੋਗ ਰਹੀ, ਜਿਸ ਨੇ ਪੰਜ ਵਿਸ਼ਿਆਂ ਵਿਚੋਂ 100/100 ਅੰਕ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਮਾਣ ਵਧਾਇਆ | ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣੀ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਫਾਦਰ ਬਿਨੋ, ਫਾਦਰ ਦੀਪਕ, ਫਾਦਰ ਵਿਨਸੈਟ, ਸਿਸਟਰ ਸੈਲਵਿਨ ਅਤੇ ਸਿਸਟਰ ਅਨੀਲਾ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਸਮਰਪਿਤ ਸੇਵਾ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਸਕੂਲ ਪ੍ਰਬੰਧਕਾਂ ਨੇ ਉਮੀਦ ਜਤਾਈ ਕਿ ਭਵਿੱਖ ਵਿਚ ਵੀ ਵਿਦਿਆਰਥੀ ਇਸੇ ਤਰ੍ਹਾਂ ਮਿਹਨਤ ਕਰਦੇ ਹੋਏ ਹੋਰ ਵਧੀਆ ਨਤੀਜੇ ਲੈ ਕੇ ਆਉਣਗੇ |